ਵਾਸ਼ਿੰਗਟਨ (ਰਾਇਟਰ) : ਅਮਰੀਕਾ 'ਚ 20 ਦਿਨਾਂ ਤੋਂ ਚੱਲ ਰਹੇ ਅੰਸ਼ਿਕ ਸ਼ਟਡਾਊਨ ਕਾਰਨ ਛੁੱਟੀ 'ਤੇ ਰਹਿਣ ਨੂੰ ਮਜਬੂਰ ਸੰਘੀ ਮੁਲਾਜ਼ਮਾਂ ਨੇ ਵ੍ਹਾਈਟ ਹਾਊਸ ਦੇ ਬਾਹਰ ਪ੍ਰਦਰਸ਼ਨ ਕਰ ਕੇ ਆਪਣਾ ਰੋਸ ਪ੍ਰਗਟਾਇਆ ਹੈ। ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸ਼ਟਡਾਊਨ ਖ਼ਤਮ ਕਰਨ ਦੀ ਅਪੀਲ ਕਰਦੇ ਹੋਏ ਆਪਣੀ ਤਨਖ਼ਾਹ ਦੀ ਮੰਗ ਕੀਤੀ। ਵ੍ਹਾਈਟ ਹਾਊਸ ਦੇ ਬਾਹਰ ਮਾਰਚ ਕਰਦੇ ਹੋਏ ਮੁਲਾਜ਼ਮਾਂ ਨੇ ਕੁਝ ਪੋਸਟਰ ਵੀ ਲਹਿਰਾਏ। ਇਨ੍ਹਾਂ 'ਚ ਲਿਖਿਆ ਸੀ, 'ਸਾਨੂੰ ਹੜਤਾਲ ਨਹੀਂ, ਕੰਮ ਚਾਹੀਦਾ ਹੈ।'

ਰਾਜਧਾਨੀ ਵਾਸ਼ਿੰਗਟਨ ਦੇ ਇਲਾਵਾ ਫਲੋਰੀਡਾ, ਨਿਊਯਾਰਕ, ਓਗਡੇਨ ਆਦਿ 'ਚ ਵੀ ਕਈ ਥਾਵਾਂ 'ਤੇ ਸਰਕਾਰੀ ਮੁਲਾਜ਼ਮਾਂ ਨੇ ਪ੍ਰਦਰਸ਼ਨ ਕੀਤਾ। ਰਾਸ਼ਟਰਪਤੀ ਟਰੰਪ ਨੇ ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਦਾ ਆਪਣਾ ਚੋਣ ਵਾਅਦਾ ਪੂਰਾ ਕਰਨ ਲਈ ਸੰਸਦ ਤੋਂ 5.7 ਅਰਬ ਡਾਲਰ (ਕਰੀਬ 40 ਹਜ਼ਾਰ ਕਰੋੜ ਰੁਪਏ) ਦੇ ਵਾਧੂ ਬਜਟ ਦੀ ਮੰਗ ਕੀਤੀ ਸੀ। ਇਸ 'ਤੇ ਸਹਿਮਤੀ ਨਾ ਬਣਨ ਦੇ ਕਾਰਨ ਹੀ ਅਮਰੀਕਾ 'ਚ ਸ਼ਟਡਾਊਨ ਦੀ ਸਥਿਤੀ ਹੈ। ਇਸ ਨਾਲ ਕਰੀਬ ਅੱਠ ਲੱਖ ਸੰਘੀ ਮੁਲਾਜ਼ਮ ਪ੍ਰਭਾਵਿਤ ਹਨ। ਉਨ੍ਹਾਂ ਨੂੰ ਜਾਂ ਤਾਂ ਛੁੱਟੀ 'ਤੇ ਰਹਿਣਾ ਪੈ ਰਿਹਾ ਹੈ ਜਾਂ ਬਿਨਾਂ ਤਨਖ਼ਾਹ ਦੇ ਕੰਮ ਕਰਨਾ ਪੈ ਰਿਹਾ ਹੈ। ਵਾਤਾਵਰਨ ਸੁਰੱਖਿਆ ਏਜੰਸੀ ਦੀ ਵਿਗਿਆਨਕ ਐਲਨ ਸੁਰਿਆਨੋ ਨੇ ਕਿਹਾ ਕਿ ਇਸ ਤੋਂ ਇਹ ਤਾਂ ਸਪੱਸ਼ਟ ਹੈ ਕਿ ਸਰਕਾਰ ਆਮ ਨਾਗਰਿਕਾਂ ਦੀ ਸਮੱਸਿਆ ਨਹੀਂ ਸਮਝਦੀ। ਇਕ ਹੋਰ ਸੰਘੀ ਮੁਲਾਜ਼ਮ ਮੈਥਿਊ ਿਯਸਟਨ ਨੇ ਕਿਹਾ ਕਿ ਸ਼ਟਡਾਊਨ ਕਾਰਨ ਅਸੀਂ ਆਪਣੀਆਂ ਮੂਲ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਪਾ ਰਹੇ।

ਅਮਰੀਕਾ 'ਚ ਦੂਜਾ ਸਭ ਤੋਂ ਲੰਬਾ ਸ਼ਟਡਾਊਨ

22 ਦਸੰਬਰ ਤੋਂ ਸ਼ੁਰੂ ਹੋਇਆ ਸ਼ਟਡਾਊਨ ਅਮਰੀਕਾ ਦਾ ਦੂਜਾ ਸਭ ਤੋਂ ਲੰਬਾ ਸ਼ਟਡਾਊਨ ਹੈ। ਇਸ ਤੋਂ ਪਹਿਲਾਂ 1995 'ਚ 16 ਦਸੰਬਰ ਤੋਂ ਛੇ ਜਨਵਰੀ 1996 ਤਕ 21 ਦਿਨਾਂ ਤਕ ਸਰਕਾਰੀ ਕੰਮ ਠੱਪ ਰਿਹਾ ਸੀ।