ਲੰਡਨ (ਪੀਟੀਆਈ) : ਬਿ੍ਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਦੇ ਪਤੀ ਪਿ੍ੰਸ ਫਿਲਿਪ ਨੇ ਸਵੈ-ਇੱਛਾ ਨਾਲ ਆਪਣਾ ਡਰਾਈਵਿੰਗ ਲਾਇਸੈਂਸ ਸਰੰਡਰ ਕਰ ਦਿੱਤਾ ਹੈ। ਪਿਛਲੇ ਮਹੀਨੇ ਇਕ ਹੋਰ ਕਾਰ ਨਾਲ ਟੱਕਰ ਪਿੱਛੋਂ ਉਨ੍ਹਾਂ ਦੀ ਲੈਂਡ ਰੋਵਰ ਪਲਟ ਗਈ ਸੀ। ਇਸ ਹਾਦਸੇ ਵਿਚ ਕਾਰ ਸਵਾਰ ਦੋ ਅੌਰਤਾਂ ਜ਼ਖ਼ਮੀ ਹੋ ਗਈਆਂ ਸਨ ਜਦਕਿ ਉਹ ਵਾਲ-ਵਾਲ ਬੱਚ ਗਏ ਸਨ। 97 ਸਾਲਾ ਪਿ੍ੰਸ ਖ਼ੁਦ ਗੱਡੀ ਚਲਾ ਰਹੇ ਸਨ। ਇਸ ਹਾਦਸੇ ਪਿੱਛੋਂ ਬਿ੍ਟੇਨ ਵਿਚ ਵੱਧਦੀ ਉਮਰ ਵਿਚ ਗੱਡੀ ਚਲਾਉਣ ਨੂੰ ਲੈ ਕੇ ਬਹਿਸ ਛਿੜ ਗਈ ਸੀ। ਇਹ ਸਵਾਲ ਵੀ ਉੱਠਿਆ ਸੀ ਕਿ ਕੀ ਇਸ ਉਮਰ ਦੇ ਪਿ੍ੰਸ ਨੂੰ ਖ਼ੁਦ ਗੱਡੀ ਚਲਾਉਣੀ ਚਾਹੀਦੀ ਹੈ?

ਬੀਬੀਸੀ ਅਨੁਸਾਰ ਬਕਿੰਘਮ ਪੈਲੇਸ ਨੇ ਬਿਆਨ ਵਿਚ ਕਿਹਾ ਕਿ ਗੰਭੀਰਤਾ ਨਾਲ ਵਿਚਾਰ ਕਰਨ ਪਿੱਛੋਂ ਡਿਊਕ ਆਫ ਐਡਿਨਬਰਗ ਨੇ ਸਵੈ-ਇੱਛਾ ਨਾਲ ਆਪਣਾ ਡਰਾਈਵਿੰਗ ਲਾਇਸੈਂਸ ਸਰੰਡਰ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਸ਼ਨਿਚਰਵਾਰ ਨੂੰ ਡਰਾਈਵਿੰਗ ਲਾਇਸੈਂਸ ਸਰੰਡਰ ਕਰ ਦਿੱਤਾ। ਨੋਰਫਲੋਕ ਪੁਲਿਸ ਨੇ ਵੀ ਬਿਆਨ ਜਾਰੀ ਕਰ ਕੇ ਡਰਾਈਵਿੰਗ ਲਾਇਸੈਂਸ ਸਰੰਡਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।

ਕੀ ਹੈ ਮਾਮਲਾ

17 ਜਨਵਰੀ ਨੂੰ ਨੋਰਫਲੋਕ ਦੇ ਸੈਂਡਰਿਘਮ ਅਸਟੇਟ ਨੇੜੇ ਇਕ ਕਾਰ ਨਾਲ ਟੱਕਰ ਪਿੱਛੋਂ ਪਿ੍ੰਸ ਦੀ ਲੈਂਡ ਰੋਵਰ ਪਲਟ ਗਈ ਸੀ। ਇਸ ਹਾਦਸੇ ਦੇ ਦੋ ਦਿਨ ਪਿੱਛੋਂ ਪਿ੍ੰਸ ਦੀ ਨਵੀਂ ਲੈਂਡ ਰੋਵਰ ਨਾਲ ਇਕ ਤਸਵੀਰ ਸਾਹਮਣੇ ਆਈ ਸੀ। ਇਸ ਵਿਚ ਉਹ ਬਿਨਾਂ ਬੈਲਟ ਬੰਨ੍ਹ ਕੇ ਡਰਾਈਵਿੰਗ ਸੀਟ 'ਤੇ ਨਜ਼ਰ ਆਏ ਸਨ। ਬਿ੍ਟੇਨ ਵਿਚ ਬਿਨਾਂ ਸੀਟ ਬੈਲਟ ਗੱਡੀ ਚਲਾਉਣਾ ਨਾਜਾਇਜ਼ ਹੈ।

ਡਰਾਈਵਿੰਗ ਲਈ ਤੈਅ ਨਹੀਂ ਉਮਰ ਸੀਮਾ

ਬਿ੍ਟੇਨ ਵਿਚ ਗੱਡੀ ਚਲਾਉਣ ਲਈ ਉਮਰ ਦੀ ਕੋਈ ਸੀਮਾ ਨਹੀਂ ਹੈ। ਹਾਲਾਂਕਿ 70 ਸਾਲ ਦਾ ਹੋਣ 'ਤੇ ਵਿਅਕਤੀ ਦਾ ਡਰਾਈਵਿੰਗ ਲਾਇਸੈਂਸ ਰੱਦ ਹੋ ਜਾਂਦਾ ਹੈ। ਅਜਿਹਾ ਵਿਅਕਤੀ ਜੇਕਰ ਲਾਇਸੈਂਸ ਨਵਾਂ ਨਹੀਂ ਕਰਾਉਂਦਾ ਤਾਂ ਉਹ ਗੱਡੀ ਨਹੀਂ ਚਲਾ ਸਕਦਾ।