ਬੈਂਕਾਕ (ਰਾਇਟਰ) : ਥਾਈਲੈਂਡ ਦੇ ਚੋਣ ਕਮਿਸ਼ਨ ਨੇ ਪ੍ਧਾਨ ਮੰਤਰੀ ਅਹੁਦੇ ਲਈ ਰਾਜਕੁਮਾਰੀ ਉਬੋਲਰਤਨਾ ਰਾਜਕੰਨਿਆ ਦੀ ਉਮੀਦਵਾਰੀ ਰੱਦ ਕਰ ਦਿੱਤੀ ਹੈ। ਕਮਿਸ਼ਨ ਨੇ ਕਿਹਾ ਕਿ ਸ਼ਾਹੀ ਪਰਿਵਾਰ ਦੇ ਸਾਰੇ ਮੈਂਬਰ ਸਿਆਸਤ ਤੋਂ ਉੱਪਰ ਹਨ ਤੇ ਉਨ੍ਹਾਂ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ। ਸਾਲ 1932 'ਚ ਸੰਵਿਧਾਨਕ ਰਾਜਤੰਤਰ ਬਣਨ ਤੋਂ ਬਾਅਦ ਤੋਂ ਥਾਈਲੈਂਡ ਦੇ ਸ਼ਾਹੀ ਪਰਿਵਾਰ ਨੇ ਸਿਆਸਤ ਤੋਂ ਦੂਰੀ ਬਣਾਈ ਹੋਈ ਹੈ। ਇਸੇ ਕਾਰਨ ਰਾਜਕੁਮਾਰੀ ਦੇ ਵੱਡੇ ਭਰਾ ਤੇ ਥਾਈ ਨਰੇਸ਼ ਮਹਾ ਵਜੀਰਾਲੋਂਗਕੋਰਨ ਨੇ ਵੀ ਬੀਤੇ ਸ਼ਨਿਚਰਵਾਰ ਨੂੰ ਸ਼ਾਹੀ ਫੁਰਮਾਨ ਜਾਰੀ ਕਰ ਕੇ 67 ਸਾਲਾ ਉਬੋਲਰਤਨਾ ਦੀ ਉਮੀਦਵਾਰੀ 'ਤੇ ਰੋਕ ਲਗਾ ਦਿੱਤੀ ਸੀ। ਉਨ੍ਹਾਂ ਆਪਣੀ ਭੈਣ ਦੀ ਉਮੀਦਵਾਰੀ ਨੂੰ ਗ਼ਲਤ ਤੇ ਅਸੰਵਿਧਾਨਕ ਕਰਾਰ ਦਿੱਤਾ ਸੀ।

ਆਗਾਮੀ ਆਮ ਚੋਣਾਂ 'ਚ ਪ੍ਧਾਨ ਮੰਤਰੀ ਅਹੁਦੇ ਲਈ ਆਪਣੀ ਦਾਅਵੇਦਾਰੀ ਦਾ ਐਲਾਨ ਕਰ ਕੇ ਉਬੋਲਰਤਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਨੂੰ ਸਾਬਕਾ ਪ੍ਧਾਨ ਮੰਤਰੀ ਥਾਕਸਿਨ ਸ਼ਿਨਾਵਾਤਰਾ ਦੇ ਸਮਰਥਕਾਂ ਵੱਲੋਂ ਗਠਿਤ ਥਾਈ ਰੱਖਿਆ ਚਾਰਟ ਪਾਰਟੀ ਨੇ ਆਪਣੀ ਉਮੀਦਵਾਰ ਬਣਾਇਆ ਸੀ। ਚੋਣ ਕਮਿਸ਼ਨ 'ਚ ਇਸ ਪਾਰਟੀ 'ਤੇ ਪਾਬੰਦੀ ਲਗਾਉਣ ਲਈ ਇਕ ਪਟੀਸ਼ਨ ਵੀ ਦਾਖ਼ਲ ਕੀਤੀ ਗਈ ਹੈ। ਕਮਿਸ਼ਨ ਨੇ ਇਸ 'ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਹੈ। ਸਾਲ 2014 'ਚ ਸ਼ਿਨਾਵਾਤਰਾ ਸਰਕਾਰ ਦੇ ਤਖ਼ਤਾਪਲਟ ਤੋਂ ਬਾਅਦ ਥਾਈਲੈਂਡ 'ਚ ਪਹਿਲੀ ਵਾਰ ਚੋਣਾਂ ਹੋ ਰਹੀਆਂ ਹਨ। 24 ਮਾਰਚ ਨੂੰ ਹੋਣ ਵਾਲੀਆਂ ਚੋਣਾਂ 'ਚ ਦੇਸ਼ ਦੇ ਫ਼ੌਜੀ ਸ਼ਾਸਕ ਪ੍ਯੁਤ ਚਾਨ ਓਚਾ ਵੀ ਖੜ੍ਹੇ ਹਨ। ਰਾਜਕੁਮਾਰੀ ਦੇ ਚੋਣ ਨਾ ਲੜਨ ਨਾਲ ਉਨ੍ਹਾਂ ਦਾ ਰਾਹ ਆਸਾਨ ਹੋ ਸਕਦਾ ਹੈ।