ਸਰੀ : ਕੈਨੇਡਾ ਦੇ ਇਕ ਨੋਟ ਨੂੰ 'ਬੈਂਕ ਨੋਟ ਆਫ ਦਾ ਯੀਅਰ ਐਵਾਰਡ 2018' ਮਿਲਿਆ ਹੈ।ਇਹ ਦੁਨੀਆ ਦਾ ਪਹਿਲਾ ਵਰਟੀਕਲ ਨੋਟ ਭਾਵ ਲੰਬ ਆਕਾਰੀ ਨੋਟ ਹੈ। ਇੰਟਰਨੈਸ਼ਨਲ ਬੈਂਕ ਨੋਟ ਸੁਸਾਇਟੀ ਵੱਲੋਂ ਕਰੰਸੀ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਕੈਨੇਡਾ ਵੱਲੋਂ ਇਸ ਮੁਕਾਬਲੇ ਵਿਚ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀ ਮਹਿਲਾ ਵਾਇਲਾ ਡੈਜ਼ਮੰਡ ਦੀ ਤਸਵੀਰ ਵਾਲਾ 10 ਡਾਲਰ ਦਾ ਨੋਟ ਭੇਜਿਆ ਗਿਆ।ਕੈਨੇਡਾ ਦੇ ਕਰੰਸੀ ਨੋਟ ਨੂੰ ਭਾਵੇਂ ਹੋਰਨਾਂ ਦੇਸ਼ਾਂ ਤੋਂ ਸਖ਼ਤ ਟੱਕਰ ਮਿਲੀ ਪਰ ਅੰਤ ਵਿਚ ਇਸ ਨੂੰ ਬਿਹਤਰੀਨ ਦਾ ਖ਼ਿਤਾਬ ਦੇ ਦਿੱਤਾ ਗਿਆ ਅੰਤਰਰਾਸ਼ਟਰੀ ਮੁਕਾਬਲੇ 'ਚ ਸਵਿਟਜ਼ਰਲੈਂਡ, ਨਾਰਵੇ ਅਤੇ ਰੂਸ ਵਰਗੇ 15 ਦੇਸ਼ਾਂ ਦੇ ਕਰੰਸੀ ਨੋਟ ਸ਼ਾਮਲ ਕੀਤੇ ਗਏ।ਕੈਨੇਡਾ ਦੇ ਇਸ ਜੇਤੂ ਨੋਟ ਦੇ ਪਿੱਛੇ ਮਨੁੱਖੀ ਅਧਿਕਾਰ ਮਿਊਜ਼ੀਅਮ ਦਾ ਚਿੱਤਰ ਛਪਿਆ ਹੋਇਆ ਹੈ

ਇਸ ਮੁਕਾਬਲੇ 'ਚ ਸਵਿਟਜ਼ਰਲੈਂਡ ਦੇ 200 ਫ਼੍ਰੈਂਕ ਵਾਲੇ ਨੋਟ ਨੂੰ ਦੂਜਾ ਸਥਾਨ ਮਿਲਿਆ ਜਦਕਿ ਨਾਰਵੇ ਦੇ 500 ਕ੍ਰੋਨਰ ਵਾਲਾ ਨੋਟ ਤੀਜੇ ਸਥਾਨ 'ਤੇ ਰਿਹਾ।ਉਧਰ ਭਾਰਤੀ ਰਿਜ਼ਰਵ ਬੈਂਕ ਵੱਲੋਂ ਪਿਛਲੇ ਸਮੇਂ ਦੌਰਾਨ ਛਾਪੇ ਕੁਝ ਨੋਟ ਵੀ ਮੁਕਾਬਲੇ ਵਿਚ ਸ਼ਾਮਲ ਕੀਤੇ ਗਏ ਸਨ ਪਰ ਕੋਈ ਵੀ ਨੋਟ ਪਹਿਲੇ ਤਿੰਨ ਸਥਾਨਾਂ 'ਚ ਨਹੀਂ ਆ ਸਕਿਆ।