ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ : ਨਿਊਜ਼ੀਲੈਂਡ ਦੇ ਅੰਦਰੂਨੀ ਮਾਮਲਿਆਂ ਦੇ ਵਿਭਾਗ ਵੱਲੋਂ ਪਾਸਪੋਰਟ ਬਜਟ ਦੇ 110 ਮਿਲੀਅਨ ਡਾਲਰ ਦੇ ਘਾਟੇ ਨੂੰ ਪੂਰਾ ਕਰਨ ਲਈ ਪਾਸਪੋਰਟ ਬਣਾਉਣ ਦੀ ਫੀਸ 'ਚ ਵਾਧਾ ਕਰਨ ਦਾ ਐਲਾਨ ਕੀਤਾ ਹੋਇਆ ਹੈ ਜੋ ਕਿ ਪਹਿਲੀ ਮਾਰਚ ਤੋਂ ਲਾਗੂ ਹੋ ਜਾਵੇਗਾ। ਵੱਡਿਆਂ ਦੇ ਪਾਸਪੋਰਟ ਦੀ ਫੀਸ ਇਸ ਵੇਲੇ 180 ਡਾਲਰ ਹੈ ਜੋ ਕਿ ਵਧ ਕੇ 191 ਡਾਲਰ (‘ਟੈਕਸ ਸਮੇਤ) ਹੋ ਜਾਵੇਗੀ ਜਦਕਿ ਬੱਚਿਆਂ (16 ਸਾਲ ਤੋਂ ਘੱਟ) ਦੇ ਪਾਸਪੋਰਟ ਦੀ ਫੀਸ 105 ਡਾਲਰ ਤੋਂ ਵਧ ਕੇ 111 ਡਾਲਰ (ਟੈਕਸ ਸਮੇਤ) ਡਾਲਰ ਹੋ ਜਾਵੇਗੀ। ਤਤਕਾਲ (ਅਰਜੈਂਟ) ਪਾਸਪੋਰਟ ਲਈ ਫੀਸ 382 ਡਾਲਰ (ਸਮੇਤ ਟੈਕਸ) ਹੋਵੇਗੀ ਜਦਕਿ ਬੱਚਿਆਂ ਲਈ ਤਤਕਾਲ ਪਾਸਪੋਰਟ ਦੀ ਫੀਸ 302 ਡਾਲਰ (ਟੈਕਸ ਸਮੇਤ) ਹੋਵੇਗੀ। ਇਹ ਤਿੰਨ ਦਿਨ ਵਿਚ ਬਣ ਤੇ ਆ ਜਾਵੇਗਾ ਜਦਕਿ ਆਮ ਹਾਲਤ ਵਿਚ ਪਾਸਪੋਰਟ 10 ਦਿਨਾਂ ਵਿਚ ਜਾਂ ਇਸ ਤੋਂ ਪਹਿਲਾਂ ਹੀ ਬਣ ਕੇ ਆ ਜਾਂਦਾ ਹੈ। ਨਿਊਜ਼ੀਲੈਂਡ, ਆਸਟਰੇਲੀਆ ਤੇ ਯੂਕੇ ਵਾਲਿਆਂ ਨੂੰ ਪਾਸਪੋਰਟ ਪੁੱਜਦਾ ਕਰਨ ਲਈ ਕੋਈ ਕੋਰੀਅਰ ਫੀਸ ਵੱਖਰੀ ਨਹੀਂ ਦੇਣੀ ਹੁੰਦੀ ਜਿਵੇਂ ਕਿ ਭਾਰਤੀ ਦੂਤਾਵਾਸ ਵਿਚ ਹੁੰਦਾ ਹੈ।

ਪਾਸਪੋਰਟ ਵਿਭਾਗ ਨੇ 30 ਨਵੰਬਰ 2015 ਤੋਂ ਪਾਸਪੋਰਟ ਦੀ ਮਿਆਦ 5 ਸਾਲ ਤੋਂ ਵਧਾ ਕੇ 10 ਸਾਲ ਦੀ ਕਰ ਦਿੱਤੀ ਸੀ ਜਿਸ ਦੇ ਨਾਲ ਵਿਭਾਗ ਨੂੰ ਵਿੱਤੀ ਘਾਟੇ ਦਾ ਸ਼ਿਕਾਰ ਹੋਣਾ ਪਿਆ, ਜੋ ਫੀਸ ਪੰਜ ਸਾਲ ਬਾਅਦ ਆ ਜਾਣੀ ਸੀ, ਉਹ 10 ਸਾਲ 'ਤੇ ਜਾ ਪਈ। ਹੁਣ ਵਧੀਆਂ ਫੀਸਾਂ ਤਿੰਨ ਸਾਲ ਤੱਕ ਲਾਗੂ ਰਹਿਣਗੀਆਂ ਤੇ 2021 'ਚ ਦੁਬਾਰਾ ਨਜ਼ਰਸਾਨੀ ਕਰ ਕੇ ਵਧਾਈਆਂ ਜਾ ਸਕਣਗੀਆਂ। ਸਰਕਾਰ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਨਿਊਜ਼ੀਲੈਂਡ ਪਾਸਪੋਰਟ ਦੀ ਉਚਤਮਾ ਨੂੰ ਬਰਕਰਾਰ ਰੱਖਿਆ ਜਾਵੇਗਾ, ਇਸ ਵੇਲੇ ਨਿਊਜ਼ੀਲੈਂਡ ਪਾਸਪੋਰਟ ਧਾਰਕ 170 ਦੇਸ਼ਾਂ 'ਚ ਵੀਜ਼ਾ ਮੁਕਤ ਜਾ ਸਕਦੇ ਹਨ ਤੇ 'ਆਟੋਮੇਟਿਡ ਬਾਰਡਰ ਕੰਟਰੋਲ ਸਮਾਰਟਗੇਟ' ਦੀ ਸਹੂਲਤ ਦਾ ਫਾਇਦਾ ਚੁੱਕ ਸਕਦੇ ਹਨ। ਸੋ ਜਿਨ੍ਹਾਂ ਦੇ ਪਾਸਪੋਰਟ ਜਲਦੀ ਰੀਨਿਊ ਹੋਣ ਵਾਲੇ ਹਨ ਉਹ ਮਾਰਚ ਤੋਂ ਪਹਿਲਾਂ ਰੀਨਿਊ ਕਰਵਾ ਕੇ ਕੁਝ ਡਾਲਰ ਜਰੂਰ ਬਚਾ ਸਕਦੇ ਹਨ। ਨਿਊਜ਼ੀਲੈਂਡ ਪਾਸਪੋਰਟ ਆਨਲਾਈਨ ਅਪਲਾਈ ਕੀਤੇ ਜਾ ਸਕਦੇ ਹਨ। ਜੇਕਰ ਪਾਸਪੋਰਟ ਦੀ ਮਿਆਦ ਇਕ ਸਾਲ ਤੋਂ ਘੱਟ ਰਹਿ ਗਈ ਹੈ ਤੇ ਤੁਸੀਂ ਕਿਤੇ ਬਾਹਰ ਜਾਣ ਦਾ ਸੋਚ ਰਹੇ ਹੋ ਤਾਂ ਪਾਸਪੋਰਟ ਰੀਨਿਊ ਕਰਾਉਣ ਦੀ ਸਲਾਹ ਦਿੱਤੀ ਗਈ ਹੈ, ਕਿਉਂਕਿ ਭਾਰਤ ਸਮੇਤ ਕੁਝ ਦੇਸ਼ ਘੱਟੋ-ਘੱਟ 6 ਮਹੀਨੇ ਦੀ ਮਿਆਦ ਮੰਗਦੇ ਹਨ।

ਜੇਕਰ ਕਿਸੇ ਨੇ ਕਿਸੇ ਤਰ੍ਹਾਂ ਦਾ ਜੁਰਮਾਨਾ ਅਦਾ ਨਾ ਕੀਤਾ ਹੋਵੇ ਤੇ 'ਨਿਆਂ ਮੰਤਰਾਲੇ' ਦੇ ਰਿਕਾਰਡ 'ਚ ਉਸਦਾ ਨਾਂ ਹੋਵੇ ਤਾਂ ਉਸਨੂੰ ਹਵਾਈ ਅੱਡੇ 'ਤੇ ਯਾਤਰਾ ਕਰਨ ਤੋਂ ਰੋਕਿਆ ਜਾ ਸਕਦਾ ਹੈ। 'ਪੇਅ ਅੌਰ ਸਟੇਅ' ਨਿਯਮ ਦੇ ਤਹਿਤ ਤੁਹਾਨੂੰ ਜੁਰਮਾਨਾ ਅਦਾ ਕਰਨਾ ਹੋਵੇਗਾ ਤੇ ਇਹ ਕਿਸੇ ਵੀ ਵੇਲੇ ਆਨਲਾਈਨ ਅਦਾ ਕੀਤਾ ਜਾ ਸਕਦਾ ਹੈ ਤਾਂ ਕਿ ਤੁਹਾਨੂੰ ਵਿਦੇਸ਼ ਜਾਣ 'ਚ ਰੁਕਾਵਟ ਨਾ ਆਵੇ।