ਆਕਲੈਂਡ : 21 ਦਸੰਬਰ, 2018 ਨੂੰ ਇਥੇ ਪਾਇਲਟ ਬਣਨ ਆਏ ਨਵੀਂ ਦਿੱਲੀ ਦੇ 20 ਸਾਲਾ ਨੌਜਵਾਨ ਦੀ ਹੇਸਟਿੰਗਜ਼ ਦੇ ਇਕ ਝਰਨੇ 'ਤੇ ਨਹਾਉਂਦਿਆਂ ਡੁੱਬ ਕੇ ਮੌਤ ਹੋ ਗਈ ਸੀ। ਇਸ ਪਰਿਵਾਰ ਨੇ ਮਾਲੀ ਮਦਦ ਦੀ ਗੁਹਾਰ ਲਾ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਤਕ ਪਹੁੰਚ ਕੀਤੀ ਅਤੇ ਮਿ੍ਰਤਕ ਦੇਹ ਭਾਰਤ ਭੇਜਣ ਵਾਸਤੇ ਵਿਦੇਸ਼ ਮੰਤਰੀ ਤਕ ਨੂੰ ਚਿੱਠੀ ਲਿਖਵਾਈ। ਇੰਸ਼ੋਰੈਂਸ ਅਤੇ ਏਸੀਸੀ ਦੀ ਮਦਦ ਨਾਲ ਲਗਪਗ 12,000 ਡਾਲਰ ਅਦਾ ਕਰਕੇ ਉਸ ਦੀ ਦੇਹ 31 ਦਸੰਬਰ ਨੂੰ ਭਾਰਤ ਭੇਜੀ ਗਈ। ਹੇਸਟਿੰਗਜ਼ ਰਹਿੰਦੇ ਉਸ ਦੇ ਦੋਸਤਾਂ ਨੇ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਤੋਂ ਉਸ ਲਈ ਅਰਦਾਸ ਵੀ ਕਰਵਾਈ ਸੀ ਪਰ ਕਿਸੇ ਮਦਦ ਲਈ ਉਨ੍ਹਾਂ ਨੇ ਸਿੱਖ ਕਮਿਊਨਿਟੀ ਨਾਲ ਸ਼ਾਇਦ ਸੰਪਰਕ ਨਹੀਂ ਕੀਤਾ।

ਅੱਜ ਇਕ ਖ਼ਬਰ 'ਨਿਊਜ਼ੀਲੈਂਡ ਹੈਰਲਡ' 'ਚ ਪ੍ਰਕਾਸ਼ਿਤ ਹੋਈ ਹੈ ਕਿ ਪਰਿਵਾਰ ਇਕ ਲੱਖ ਡਾਲਰ ਦੇ ਕਰਜ਼ੇ ਥੱਲੇ ਹੈ। ਇਸ ਤੋਂ ਪਹਿਲਾਂ ਇਹ ਖ਼ਬਰ ਪ੍ਰਕਾਸ਼ਿਤ ਸੀ ਕਿ ਮਿ੍ਰਤਕ ਦੇ ਵਾਰਸਾਂ ਕੋਲ ਮਿ੍ਰਤਕ ਦੇਹ ਭਾਰਤ ਮੰਗਵਾਉਣ ਦਾ ਖ਼ਰਚਾ ਨਹੀਂ ਸੀ। ਇਸ ਸਬੰਧੀ ਬਹੁਤ ਸਾਰੇ ਲੋਕਾਂ ਨੇ ਖ਼ਾਸ ਕਰਕੇ ਦੂਜੇ ਧਰਮਾਂ ਦੇ ਲੋਕਾਂ ਨੇ ਚੰਗੇ ਮਾੜੇ ਕੁਮੈਂਟ ਪਾਏ ਹਨ। ਕਈਆਂ ਨੇ ਲਿਖਿਆ ਹੈ ਕਿ ਨਿਊਜ਼ੀਲੈਂਡਰਾਂ ਦੇ ਟੈਕਸ ਦਾ ਪੈਸਾ ਅਜਿਹੀਆਂ ਘਟਨਾਵਾਂ ਵਿਚ ਨਹੀਂ ਵਰਤਣਾ ਚਾਹੀਦਾ। ਜਿਵੇਂ 'ਕਹਿੰਦੇ ਨੇ ਦਰਦ ਪਰਾਇਆ ਜਾਣੇ ਕੌਣ' ਵਾਲੀ ਕਹਾਵਤ ਸਾਬਿਤ ਹੁੰਦੀ ਦਿੱਸਦੀ ਹੈ। ਇਸ ਮੁੰਡੇ ਦੀਆਂ ਦੋ ਭੈਣਾਂ ਹਨ ਅਤੇ ਉਹ ਇਕੱਲਾ ਪੁੱਤਰ ਸੀ ਮਾਪਿਆਂ ਦਾ।