ਔਕਲੈਂਡ, ਹਰਜਿੰਦਰ ਸਿੰਘ ਬਸਿਆਲਾ : ਨਿਊਯਾਰਕ ਦੇ ਇਕ ਅਖਬਾਰ ਨੇ ਖੁਲਾਸਾ ਕੀਤਾ ਹੈ ਕਿ ਨਿਊਜ਼ੀਲੈਂਡ ਦੀ ਇਕ ਨਰਸ 'ਲੂਈਸਾ ਅਕਾਬੀ' ਜਿਸ ਨੂੰ 5 ਸਾਲ ਪਹਿਲਾਂ ਬੰਧਕ ਬਣਾ ਲਿਆ ਗਿਆ ਸੀ, ਅਜੇ ਜ਼ਿੰਦਾ ਹੈ। ਇਸ ਗੱਲ ਦਾ ਖੁਲਾਸਾ ਰੈਡ ਕ੍ਰਾਸ ਵੱਲੋਂ ਕੀਤਾ ਗਿਆ ਜਿਨ੍ਹਾਂ ਕੋਲ ਦਸੰਬਰ ਮਹੀਨੇ ਦੋ ਵਿਅਕਤੀਆਂ ਨੇ ਕਿਹਾ ਕਿ ਉਸ ਨਰਸ ਨੇ ਉਨ੍ਹਾਂ ਦਾ ਇਲਾਜ ਪਿੰਡ ਸੂਸੁਆ ਵਿਖੇ ਕੀਤਾ ਹੈ। ਇਸ ਨਰਸ ਨੂੰ ਅਕਤੂਬਰ 2013 ਦੇ ਵਿਚ ਬੰਧਕ ਬਣਾ ਲਿਆ ਗਿਆ ਸੀ। ਇਹ ਨਰਸ ਕਿੱਥੇ ਹੈ ਸਿਰਫ ਕਿਆਸ ਲਗਾਇਆ ਜਾ ਰਿਹਾ ਹੈ ਪਰ ਅਸਲ ਥਾਂ ਦਾ ਪਤਾ ਕਿਸੇ ਨੂੰ ਨਹੀਂ ਸੀ। ਨਿਊਜ਼ੀਲੈਂਡ ਸਰਕਾਰ ਦੇ ਵਿਧਾਨ ਵਿਚ ਅਜਿਹੀ ਵਿਵਸਥਾ ਨਹੀਂ ਹੈ ਕਿ ਬੰਧਕ ਬਣਾਏ ਗਏ ਨੂੰ ਛਡਾਉਣ ਲਈ ਫਿਰੌਤੀ ਦਿੱਤੀ ਜਾ ਸਕੇ। ਸਰਕਾਰ ਨੇ ਉਸਦੀ ਸੁਰੱਖਿਆ ਖਾਤਰ ਸਾਰੀ ਜਾਣਕਾਰੀ ਗੁਪਤ ਰੱਖੀ ਹੋਈ ਸੀ। ਪਿਛਲੇ 156 ਸਾਲਾਂ ਦੇ ਇਤਿਹਾਸ ਵਿਚ ਇਹ ਨਰਸ ਦਾ ਬੰਧਕ ਸਮਾਂ ਸਭ ਤੋਂ ਜ਼ਿਆਦਾ ਹੋ ਚੁੱਕਾ ਹੈ। ਇਸ ਨਰਸ ਨੂੰ ਰਿਹਾਅ ਕਰਨ ਲਈ ਅੱਤਵਾਦੀ ਗਰੁੱਪ ਵੱਲੋਂ ਰੈਡ ਕ੍ਰਾਸ ਕੋਲੋਂ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਰੈਡਕ੍ਰਾਸ ਦੀ ਵੀ ਵਿਵਸਥਾ ਹੈ ਕਿ ਉਹ ਫਿਰੌਤੀ ਵਾਸਤੇ ਅਜਿਹੀ ਮਾਇਆ ਨਹੀਂ ਦਿੰਦੇ। ਇਸ ਨਰਸ ਦੇ ਪਰਿਵਾਰ ਨੇ ਵੀ ਅਜਿਹੀ ਕੋਈ ਮੰਗ ਨਹੀਂ ਰੱਖੀ ਹੈ। ਇਹ ਨਰਸ ਮੂਲ ਰੂਪ ਦੇ ਵਿਚ ਕੁੱਕ ਆਈਲੈਂਡ ਦੇਸ਼ ਦੀ ਹੈ ਅਤੇ ਓਟਾਕੀ (ਨੇੜੇ ਵਲਿੰਗਟਨ) ਵਿਖੇ ਰਹਿੰਦੀ ਹੁੰਦੀ ਸੀ।