ਕੈਲਗਰੀ : ਅਲਬਰਟਾ 'ਚ ਸ਼ੁੱਕਰਵਾਰ ਤੋਂ ਮੌਸਮ 'ਚ ਆ ਰਹੀ ਤਬਦੀਲੀ ਦੇ ਮੱਦੇਨਜ਼ਰ ਕੈਲਗਰੀ 'ਚ ਰਹਿਣ ਵਾਲੇ ਬੇਘਰਿਆਂ ਲਈ ਵਿਸ਼ੇਸ਼ ਪ੍ਬੰਧ ਕੀਤੇ ਗਏ ਹਨ। ਪੈਦਲ ਚੱਲਣ ਤੇ ਬਾਹਰ ਖੁੱਲ੍ਹੇ 'ਚ ਕੰਮ ਕਰਨ ਵਾਲਿਆਂ ਲਈ ਸਿਹਤ-ਚਿਤਾਵਨੀ ਜਾਰੀ ਕੀਤੀ ਗਈ ਹੈ। ਅਗਲੇ ਦੋ ਦਿਨਾਂ 'ਚ ਤਾਪਮਾਨ 'ਚ ਵੱਡੀ ਗਿਰਾਵਟ ਦੇਖੀ ਜਾ ਸਕਦੀ ਹੈ। ਕਈ ਥਾਈਂ 50 ਸੈਂਟੀਮੀਟਰ ਤਕ ਬਰਫ਼ਬਾਰੀ ਹੋਣ ਦੀ ਵੀ ਪੇਸ਼ਗੋਈ ਹੈ। ਗ੍ਰੈਂਡ ਕੈਸ਼ ਤੇ ਹਿੰਟਨ ਦੇ ਇਲਾਕਿਆਂ 'ਚ ਬਰਫ਼ੀਲਾ ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਕੈਲਗਰੀ 'ਚ ਤਾਪਮਾਨ ਮਨਫ਼ੀ 27 ਡਿਗਰੀ ਸੈਲਸੀਅਸ ਤੇ ਐਡਮੰਟਨ 'ਚ ਮਨਫ਼ੀ 31 ਡਿਗਰੀ ਸੈਲਸੀਅਸ ਤਕ ਜਾ ਸਕਦਾ ਦੱਸਿਆ ਗਿਆ ਹੈ। ਠੰਢ ਦਾ ਇਹ ਦੌਰ ਸੋਮਵਾਰ ਰਾਤ ਤਕ ਜਾਰੀ ਰਹਿਣ ਦੀ ਸੰਭਾਵਨਾ ਹੈ। ਕੈਲਗਰੀ 'ਚ ਬੇਘਰੇ ਲੋਕਾਂ ਦੇ ਰਹਿਣ ਲਈ ਪ੍ਬੰਧ ਕੀਤੇ ਗਏ ਹਨ। ਸ਼ਹਿਰ ਦੇ ਸਾਰੇ ਸ਼ੈਲਟਰਜ਼ 'ਚ ਵਾਧੂ ਮੰਜਿਆਂ ਦਾ ਪ੍ਬੰਧ ਕੀਤਾ ਗਿਆ ਹੈ ਤੇ ਕਈ ਗਿਰਜਾ ਘਰਾਂ 'ਚ ਵੀ ਸ਼ੈਲਟਰ ਖੋਲ੍ਹ ਦਿੱਤੇ ਗਏ ਹਨ। ਡਾਊਨ-ਟਾਊਨ ਆਊਟਰੀਚ ਐਡਿਕਸ਼ਨ ਟੀਮ ਦੇ ਮੈਂਬਰ ਐਤਵਾਰ ਨੂੰ ਸ਼ਹਿਰ ਦਾ ਦੌਰਾ ਕਰ ਕੇ ਨਸ਼ਿਆਂ ਦੇ ਆਦੀ ਲੋਕਾਂ ਨੂੰ ਸੜਕਾਂ ਤੋਂ ਲੱਭ-ਲੱਭ ਕੇ ਇਹਨਾਂ ਸ਼ੈਲਟਰ ਹੋਮਜ਼ 'ਚ ਲੈ ਕੇ ਆਉਣਗੇ। ਮੌਸਮ ਮਾਹਿਰਾਂ ਦੀ ਇਸ ਚਿਤਾਵਨੀ ਮਗਰੋਂ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਬਾਹਰ ਖੁੱਲ੍ਹੇ 'ਚ ਪੈਦਲ ਚੱਲਣ ਤੇ ਕੰਮ ਕਰਨ ਤੋਂ ਗੁਰੇਜ਼ ਕਰਨ ਨੂੰ ਕਿਹਾ ਗਿਆ ਹੈ। ਕੰਨ, ਹੱਥ, ਪੈਰ ਤੇ ਸਿਰ ਨੂੰ ਚੰਗੀ ਤਰ੍ਹਾਂ ਢਕ ਕੇ ਰੱਖਣ ਦੀ ਸਲਾਹ ਜਾਰੀ ਕੀਤੀ ਗਈ ਹੈ।