ਕਮਲਜੀਤ ਬੁੱਟਰ, ਕੈਲਗਰੀ : ਪਿਛਲੇ ਸਾਲ ਸਸਕੈਚਵਨ 'ਚ ਇਕ ਸੜਕ ਹਾਦਸੇ ਦੌਰਾਨ 16 ਜੂਨੀਅਰ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਸੀ ਜਿਸ ਦੇ ਦੋਸ਼ੀ ਜਸਕੀਰਤ ਸਿੱਧੂ ਨੇ ਅੱਜ ਸਸਕੈਚਵਨ ਅਦਾਲਤ 'ਚ ਆਪਣੇ ਦੋਸ਼ ਕਬੂਲ ਕਰ ਲਏ।

ਇਹ ਹਾਦਸਾ ਪਿਛਲੇ ਸਾਲ 6 ਅਪ੍ਰੈਲ , 2018 ਨੂੰ ਸਸਕੈਚਵਨ 'ਚ ਵਾਪਰਿਆ ਸੀ ਜਿਸ 'ਚ 16 ਖਿਡਾਰੀਆਂ ਦੀ ਮੌਤ ਹੋ ਗਈ ਸੀ ਤੇ 13 ਹੋਰ ਲੋਕ ਜ਼ਖ਼ਮੀ ਹੋ ਗਏ ਸਨ। ਇਹ ਹਾਦਸਾ ਟਰੱਕ ਤੇ ਬੱਸ ਦੀ ਟੱਕਰ ਕਾਰਨ ਵਾਪਰਿਆ ਸੀ। ਟਰੱਕ ਚਾਲਕ ਜਸਕੀਰਤ ਸਿੱਧੂ ਨੂੰ ਇਸ ਸਾਰੇ ਹਾਦਸੇ ਦਾ ਦੋਸ਼ੀ ਮੰਨਿਆ ਜਾ ਰਿਹਾ ਸੀ ਜਿਸ ਨੇ ਸਸਕੈਚਵਨ ਅਦਾਲਤ 'ਚ ਸਾਰੇ ਦੋਸ਼ਾਂ ਨੂੰ ਕਬੂਲ ਕਰ ਲਿਆ। ਸਜ਼ਾ 28 ਜਨਵਰੀ ਨੂੰ ਸੁਣਾਈ ਜਾਣੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਜਸਕੀਰਤ ਨੂੰ 10 ਤੋਂ 14 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਤੇ ਨਾਲ ਹੀ ਉਸ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ।

ਜਸਕੀਰਤ ਜਿਸ ਆਦੇਸ਼ ਦਿਉਲ ਟਰੱਕਿੰਗ ਕੰਪਨੀ ਦਾ ਟਰੱਕ ਚਲਾ ਰਿਹਾ ਸੀ ਉਸ ਦੇ ਮਾਲਕ ਨੂੰ ਵੀ ਅਦਾਲਤ ਨੇ ਫ਼ਰਵਰੀ ਮਹੀਨੇ ਪੇਸ਼ ਹੋਣ ਲਈ ਕਿਹਾ ਹੈ। ਇਸ ਹਾਦਸੇ ਨੂੰ ਕੈਨੇਡਾ ਸਰਕਾਰ ਨੇ ਕਾਫ਼ੀ ਗੰਭੀਰਤਾ ਨਾਲ ਲੈਂਦਿਆਂ ਟ੍ਰੈਫਿਕ ਨਿਯਮਾਂ ਤੇ ਲਾਇਸੈਂਸ ਦੇਣ ਦੇ ਨਿਯਮਾਂ 'ਚ ਕਾਫ਼ੀ ਵੱਡੇ ਬਦਲਾਅ ਕੀਤੇ ਹਨ ਜਿਸ ਕਾਰਨ ਹੁਣ ਲਾਇਸੈਂਸ ਲੈਣ ਦੀ ਵਿਧੀ ਨੂੰ ਵੀ ਕਾਫ਼ੀ ਅੌਖਾ ਕਰ ਦਿੱਤਾ ਹੈ।

ਕੌਣ ਹੈ ਜਸਕੀਰਤ ਸਿੰਘ ਸਿੱਧੂ

ਜਸਕੀਰਤ ਸਿੰਘ ਸਿੱਧੂ ਸਾਲ 2013 'ਚ ਕੈਨੇਡਾ ਪੜ੍ਹਨ ਲਈ ਆਇਆ ਸੀ। ਕੈਲਗਰੀ ਦੇ ਬੋਅ-ਵੈਲੀ ਕਾਲਜ 'ਚ ਉਸ ਨੇ ਬਿਜ਼ਨਸ ਐਡਮਨਿਸਟਪ੍ਰੇਸ਼ਨ ਦਾ ਡਿਪਲੋਮਾ ਲਿਆ। ਇਸ ਮਗਰੋਂ ਉਸ ਨੇ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕੀਤੀ। ਹਾਦਸੇ ਤੋਂ ਕੁੁੱਝ ਸਮਾਂ ਪਹਿਲੇ ਹੀ ਉਸ ਨੇ ਆਦੇਸ਼ ਦਿਉਲ ਟਰੱਕਿੰਗ ਕੰਪਨੀ ਦਾ ਟਰੱਕ ਚਲਾਉਣਾ ਸ਼ੁਰੂ ਕੀਤਾ ਸੀ।