ਅਸਤਾਨਾ : ਭਾਰਤ ਦੀ ਚੋਟੀ ਦੀ ਸਿੰਗਲਜ਼ ਖਿਡਾਰਨਾਂ ਅੰਕਿਤਾ ਰੈਣਾ ਤੇ ਕਰਮਨ ਕੌਰ ਥਾਂਡੀ ਬੁੱਧਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਫੈਡ ਕੱਪ ਟੈਨਿਸ ਟੂਰਨਾਮੈਂਟ ਵਿਸ਼ਵ ਗਰੁੱਪ ਦੋ ਵਿਚ ਕੁਆਲੀਫਾਈ ਲਈ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੀਆਂ। ਭਾਰਤ ਪੂਲ-ਏ ਵਿਚ ਹੈ ਜਿਸ ਵਿਚ ਥਾਈਲੈਂਡ ਦੇ ਰੂਪ ਵਿਚ ਉਸ ਨੂੰ ਆਸਾਨ ਚੁਣੌਤੀ ਮਿਲੀ ਹੈ। ਅਸਲੀ ਚੁਣੌਤੀ ਮੇਜ਼ਬਾਨ ਕਜ਼ਾਕਿਸਤਾਨ ਹੈ ਜਿਸ ਦੇ ਚੋਟੀ ਦੇ 100 ਵਿਚ ਸ਼ਾਮਲ ਦੋ ਸਿੰਗਲਜ਼ ਖਿਡਾਰੀ ਹਨ। ਕਜ਼ਾਕਿਸਤਾਨ ਦੀ ਯੂਲੀਆ ਪੁਤਿਨਸੇਵਾ ਵਿਸ਼ਵ ਰੈਂਕਿੰਗ ਵਿਚ 43ਵੇਂ ਸਥਾਨ 'ਤੇ ਹੈ ਜਦਕਿ ਜਰੀਨਾ ਦਿਆਸ 96ਵੇਂ ਸਥਾਨ 'ਤੇ ਹੈ। ਪੂਲ-ਏ ਤੇ ਬੀ ਦੀਆਂ ਜੇਤੂ ਟੀਮਾਂ ਆਪਸ ਵਿਚ ਖੇਡਣਗੀਆਂ ਜਿਸ ਤੋਂ ਤੈਅ ਹੋਵੇਗਾ ਕਿ ਵਿਸ਼ਵ ਕੱਪ ਦੋ ਵਿਚ ਕਿਸ ਨੂੰ ਥਾਂ ਮਿਲੇਗੀ। ਪੂਲ-ਬੀ ਵਿਚ ਚੀਨ ਹੈ ਜਿਸ ਕੋਲ ਦੁਨੀਆ ਦੀ 40ਵੇਂ ਨੰਬਰ ਦੀ ਖਿਡਾਰਨ ਸ਼ੁਆਈ ਝਾਂਗ ਤੇ 42ਵੀਂ ਰੈਂਕਿੰਗ ਵਾਲੀ ਸੇਈਸੇਈ ਝੇਂਗ ਹੈ। ਇਸ ਤੋਂ ਇਲਾਵਾ ਕੋਰੀਆ, ਇੰਡੋਨੇਸ਼ੀਆ ਤੇ ਪ੍ਸ਼ਾਂਤ ਓਸ਼ੀਆਨਾ ਵੀ ਇਸ ਗਰੁੱਪ ਵਿਚ ਹਨ। ਪੂਲ-ਬੀ ਵਿਚ ਚੀਨ ਦਾ ਚੋਟੀ 'ਤੇ ਰਹਿਣਾ ਲਗਪਗ ਤੈਅ ਹੈ, ਜਦਕਿ ਪੂਲ-ਏ ਵਿਚ ਭਾਰਤ ਤੇ ਕਜ਼ਾਕਿਸਤਾਨ ਵਿਚੋਂ ਕੋਈ ਪੁੱਜੇਗਾ। ਪਿਛਲੇ ਸਾਲ ਦਿੱਲੀ ਵਿਚ ਅੰਕਿਤਾ ਨੇ ਪੁਤਿਨਸੇਵਾ ਨੂੰ ਹਰਾਇਆ ਸੀ ਪਰ ਇਸ ਵਾਰ ਕਜ਼ਾਕ ਖਿਡਾਰੀ ਆਪਣੇ ਦੇਸ਼ ਵਿਚ ਖੇਡ ਰਹੀ ਹੈ। ਭਾਰਤੀ ਟੀਮ ਕਜ਼ਾਕਿਸਤਾਨ ਨੂੰ ਹਰਾ ਦਿੰਦੀ ਹੈ ਤਾਂ ਪ੍ਮੋਸ਼ਨ ਪਲੇਆਫ ਵਿਚ ਚੁਣੌਤੀ ਹੋਰ ਅੌਖੀ ਹੋ ਜਾਵੇਗੀ।