ਜਗਤਾਰ ਸਿੰਘ ਧੰਜਲ, ਮਾਨਸਾ : ਰੋਇੰਗ ਖੇਡਾਂ 'ਚ ਵਿਦੇਸ਼ੀ ਧਰਤੀ 'ਤੇ ਗੋਲਡ ਮੈਡਲ ਜਿੱਤਣ ਵਾਲੇ ਅੰਤਰਰਾਸ਼ਟਰੀ ਖਿਡਾਰੀ ਸਵਰਨ ਸਿੰਘ ਵਿਰਕ ਦੇ ਪਿੰਡ ਦਲੇਲ ਵਾਲਾ ਦੇ ਇਕ ਟਰੱਕ 'ਤੇ ਕੰਡਕਟਰੀ ਕਰਨ ਵਾਲੇ ਅੱਠਵੀਂ ਪਾਸ ਨੌਜਵਾਨ ਸ਼ਗਨਦੀਪ ਸਿੰਘ ਨੇ ਬੈਂਕਾਕ ਵਿਚ 27 ਤੋਂ 31 ਮਾਰਚ ਤਕ ਹੋਈਆਂ ਖੇਡਾਂ ਦੇ ਰੋਇੰਗ ਮੁਕਾਬਲੇ ਵਿਚ ਤਿੰਨ ਗੋਲਡ ਮੈਡਲ ਜਿੱਤੇ ਹਨ। ਉਸ ਨੇ ਇਹ ਗੋਲਡ ਮੈਡਲ ਸਿੰਗਲ, ਡਬਲ ਅਤੇ ਮਿਕਸ ਵਿਚ ਹਾਸਿਲ ਕੀਤੇ ਹਨ। ਸ਼ਗਨਦੀਪ ਸਿੰਘ ਆਪਣੇ ਪਿਤਾ ਜੀ ਨਾਲ ਟਰੱਕਾਂ 'ਤੇ ਕੰਡਕਟਰੀ ਕਰਦਾ ਸੀ ਅਤੇ ਉਸ ਨੇ ਸਵਰਨ ਸਿੰਘ ਵਿਰਕ ਤੋਂ ਪ੍ਰੇਰਿਤ ਹੋ ਕੇ ਰੋਇੰਗ ਖੇਡਾਂ ਦੀ ਚੰਡੀਗੜ੍ਹ ਤੋਂ ਟ੍ਰੇਨਿੰਗ ਲਈ। ਉਹ 27 ਤੋਂ 31 ਮਾਰਚ ਤਕ ਬੈਂਕਾਕ ਵਿਖੇ ਹੋਈ ਇਕ ਚੈਪੀਅਨਸ਼ਿਪ ਦੀਆਂ ਜੂਨੀਅਰ ਖੇਡਾਂ ਵਿਚ ਹਿੱਸਾ ਲੈਣ ਲਈ ਗਿਆ। ਜਿੱਥੇ ਉਸ ਨੇ ਕਿਸ਼ਤੀ ਚਾਲਨ ਵਿਚ ਉਕਤ ਮੁਕਾਬਲਿਆਂ ਦੌਰਾਨ ਤਿੰਨ ਗੋਲਡ ਮੈਡਲ ਜਿੱਤੇ। ਅੱਜਕਲ੍ਹ ਸ਼ਗਨਦੀਪ ਸਿੰਘ ਉੜੀਸਾ ਦੇ ਜਗਤਪੁਰ ਵਿਖੇ ਸਾਂਈ ਸੈਂਟਰ ਤੋਂ ਅਗਲੀ ਟ੍ਰੇਨਿੰਗ ਲੈ ਰਿਹਾ ਹੈ। ਇਸ ਤੋਂ ਬਾਅਦ ਫਿਰ ਉਹ ਇਨ੍ਹਾਂ ਖੇਡਾਂ ਲਈ ਵਿਦੇਸ਼ ਖੇਡਣ ਜਾਵੇਗਾ। ਮਾਨਸਾ ਪੁੱਜਣ 'ਤੇ ਸ਼ਗਨਦੀਪ ਸਿੰਘ ਦਾ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸ਼ਗਨਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਟਰੱਕ 'ਤੇ ਕੰਡਕਟਰੀ ਕਰਦਾ ਸੀ, ਪਰ ਉਸ ਅੰਦਰ ਸਵਰਨ ਸਿੰਘ ਵਿਰਕ ਨੂੰ ਦੇਖਦਿਆਂ ਖੁਦ ਖਿਡਾਰੀ ਬਣਨ ਦੀ ਜਗਿਆਸਾ ਪੈਦਾ ਹੋਈ। ਇਸ ਤੋਂ ਬਾਅਦ ਉਸ ਨੇ ਠਾਣ ਲਿਆ ਕਿ ਉਹ ਇਨ੍ਹਾਂ ਖੇਡਾਂ ਵਿਚ ਹਿੱਸਾ ਲਵੇਗਾ। ਸ਼ਗਨਦੀਪ ਸਿੰਘ ਇਸ ਤੋਂ ਬਾਅਦ ਦਸੰਬਰ ਮਹੀਨੇ ਵਿਚ ਜੂਨੀਅਰ ਚੈਪੀਅਨਸ਼ਿਪ ਵਿਚ ਹਿੱਸਾ ਲਵੇਗਾ। ਉਸ ਦਾ ਕਹਿਣਾ ਹੈ ਕਿ ਉਸ ਦਾ ਉਥੇ ਵੀ ਗੋਲਡ ਮੈਡਲ ਜਿੱਤਣ ਦਾ ਟੀਚਾ ਹੈ।