ਆਸਟ੍ਰੇਲੀਅਨ ਫੁੱਟਬਾਲ ਜਾਂ 'ਫੂਟੀ' ਅਜਿਹੀ ਖੇਡ ਹੈ ਜਿਸ ਨੂੰ ਆਸਟ੍ਰੇਲੀਆ ਵਿਚ ਕ੍ਰਿਕਟ ਜਾਂ ਕਿਸੇ ਹੋਰ ਖੇਡ ਨਾਲੋਂ ਵਧੇਰੇ ਪਿਆਰ ਮਿਲਦਾ ਹੈ। ਇਹ ਖੇਡ ਰਗਬੀ, ਕ੍ਰਿਕਟ ਤੇ ਫੁੱਟਬਾਲ ਦਾ ਸੁਮੇਲ ਹੈ। ਇਹ ਖੇਡ ਸਰਦ ਰੁੱਤ ਵਿਚ ਆਸਟ੍ਰੇਲੀਆ 'ਚ ਖੇਡੀ ਜਾਂਦੀ ਹੈ। ਜੋਸ਼ ਤੇ ਜਨੂੰਨ ਨਾਲ ਖੇਡੀ ਜਾਂਦੀ ਇਸ ਖੇਡ ਦੀ ਖੁਮਾਰੀ ਆਸਟ੍ਰੇਲੀਆ 'ਚ ਹਰ ਖੇਡ ਪ੍ਰੇਮੀ ਨਾਲ ਗੱਲ ਕੀਤਿਆਂ ਮਹਿਸੂਸ ਕੀਤੀ ਜਾ ਸਕਦੀ ਹੈ।

ਕਿਵੇਂ ਸ਼ੁਰੂ ਹੋਈ ਫੂਟੀ?

1857 'ਚ ਆਸਟ੍ਰੇਲੀਅਨ ਫੁੱਟਬਾਲ ਦੇ ਬਾਨੀ ਟੌਮ ਵਿਲਸ ਇੰਗਲੈਂਡ ਵਿਚ ਸਕੂਲੀ ਪੜ੍ਹਾਈ ਕਰਨ ਤੋਂ ਬਾਅਦ ਆਸਟ੍ਰੇਲੀਆ ਵਾਪਸ ਆ ਗਿਆ। ਉਹ ਰਗਬੀ ਸਕੂਲ ਦਾ ਫੁੱਟਬਾਲ ਕਪਤਾਨ ਤੇ ਸ਼ਾਨਦਾਰ ਕ੍ਰਿਕਟਰ ਸੀ। ਸ਼ੁਰੂ 'ਚ ਉਸ ਨੇ ਫੁੱਟਬਾਲ ਨੂੰ ਸਰਦ ਰੁੱਤ ਦੀ ਖੇਡ ਬਣਾਉਣ ਬਾਰੇ ਵਕਾਲਤ ਕੀਤੀ, ਕਿਉਂਕਿ ਉਹ ਇਸ ਨੂੰ ਆਫ-ਸੀਜ਼ਨ ਵਿਚ ਕ੍ਰਿਕਟਰਾਂ ਨੂੰ ਫਿੱਟ ਰੱਖਣ ਦਾ ਚੰਗਾ ਤਰੀਕਾ ਸਮਝਦਾ ਸੀ। ਟੌਮ ਦੁਆਰਾ ਬਣਾਈ ਗਈ ਇਸ ਖੇਡ ਦੀ ਸ਼ੁਰੂਆਤ ਲਈ ਉਸ ਨੇ ਆਪਣੇ ਚਚੇਰੇ ਭਰਾ ਐੱਚਸੀਏ ਹੈਰਿਸਨ, ਡਬਲਿਊਜੇ ਹੈਮਰਸਲੀ ਤੇ ਜੇਬੀ ਥਾਮਸਨ ਨਾਲ ਮਿਲ ਕੇ 7 ਅਗਸਤ 1858 ਨੂੰ 'ਮੈਲਬੋਰਨ ਫੁੱਟਬਾਲ ਕਲੱਬ ਦੀ ਸਥਾਪਨਾ ਕੀਤੀ। ਇਸੇ ਸਾਲ ਸਕੌਚ ਕਾਲਜ ਤੇ ਮੈਲਬੋਰਨ ਗ੍ਰਾਮਰ ਸਕੂਲ ਦਰਮਿਆਨ ਆਸਟ੍ਰੇਲੀਅਨ ਫੁੱਟਬਾਲ ਦਾ ਪਹਿਲਾ ਮੈਚ ਹੋਇਆ। ਇਸ ਤੋਂ ਬਾਅਦ ਇਹ ਖੇਡ ਬਹੁਤ ਘੱਟ ਸਮੇਂ ਵਿਚ ਹਰਮਨਪਿਆਰੀ ਹੋ ਗਈ। ਜਿਲੌਂਗ ਫੁੱਟਬਾਲ ਕਲੱਬ ਦੀ ਸਥਾਪਨਾ 1859 'ਚ ਹੋਈ ਤੇ 1866 ਵਿਚ ਨਵੇਂ ਨਿਯਮਾਂ ਤਹਿਤ ਇਸ ਦਾ ਪਹਿਲਾ ਮੁਕਾਬਲਾ ਕਰਵਾਇਆ ਗਿਆ।

1896 ਵਿਚ ਵਿਕਟੋਰੀਆ ਫੁੱਟਬਾਲ ਲੀਗ ਦੀ ਸਥਾਪਨਾ ਹੋਈ ਤੇ ਅਗਲੇ ਸਾਲ ਲੀਗ ਦੀਆਂ ਪਹਿਲੀਆਂ ਖੇਡਾਂ 'ਚ ਫਾਊਂਡੇਸ਼ਨ ਕਲੱਬਾਂ ਨੇ ਹਿੱਸਾ ਲਿਆ, ਜਿਸ ਵਿਚ ਕਾਰਲਟਨ, ਕੋਲਿੰਗਵੁੱਡ, ਏਸੰਡਨ, ਫਿੱਟਜੋਰਾਏ, ਜਿਲੋਂਗ, ਮੈਲਬੌਰਨ, ਸੇਂਟ ਕਿਲਡਾ ਤੇ ਦੱਖਣੀ ਮੈਲਬੌਰਨ ਸ਼ਾਮਲ ਸਨ। 1908 ਵਿਚ, ਰਿਚਮੰਡ ਤੇ ਯੂਨੀਵਰਸਿਟੀ ਨੇ ਇਸ ਮੁਕਾਬਲੇ 'ਚ ਹਿੱਸਾ ਲਿਆ ਪਰ 1914 ਦੇ ਸੀਜ਼ਨ ਤੋਂ ਬਾਅਦ ਯੂਨੀਵਰਸਿਟੀ ਨੇ ਲੀਗ ਛੱਡ ਦਿੱਤੀ। 1925 'ਚ ਫੁੱਟਸਕਰੇ (ਹੁਣ ਵੈਸਟਰਨ ਬੁਲਡੌਗ), ਹੌਥੋਰਨ ਤੇ ਨਾਰਥ ਮੈਲਬੌਰਨ ਨੇ ਵਿਕਟੋਰੀਆ ਫੁੱਟਬਾਲ ਲੀਗ 'ਚ ਹਿੱਸਾ ਲਿਆ।

1987 ਤਕ ਲੀਗ 'ਚ ਕੋਈ ਤਬਦੀਲੀ ਨਹੀਂ ਆਈ। ਇਸ ਤੋਂ ਬਾਅਦ ਇਸ ਖੇਡ ਨੇ ਵਿਕਟੋਰੀਆ ਤੋਂ ਬਾਹਰ ਪੈਰ ਪਸਾਰੇ ਤੇ ਵੈਸਟ ਕੋਸਟ ਈਗਲਜ਼ ਤੇ ਬ੍ਰਿਸਬੇਨ ਬੀਅਰਸ ਦੇ ਨਾਂ ਦੀਆਂ ਦੋ ਹੋਰ ਟੀਮਾਂ ਲੀਗ 'ਚ ਸ਼ਾਮਲ ਹੋਈਆਂ। 1997 ਤਕ 16 ਕਲੱਬ ਲੀਗ ਵਿਚ ਸ਼ਾਮਲ ਹੋ ਚੁੱਕੇ ਸਨ- ਐਡੀਲੇਡ (1991 ਵਿਚ), ਫਰੀਮੈਂਟਲ (1995) ਤੇ ਪੋਰਟ ਐਡੀਲੇਡ (1997 ਵਿਚ) ਅਤੇ 1996 ਦੇ ਸੀਜਨ ਤੋਂ ਬਾਅਦ ਫਿੱਟਜੋਰਾਏ ਤੇ ਬ੍ਰਿਜਬੇਨ ਬੀਅਰਸ ਕਲੱਬਾਂ ਦਾ ਆਪਸੀ ਮੇਲ ਹੋਇਆ ਤੇ ਬ੍ਰਿਸਬੇਨ ਲਾਇਨਜ਼ ਨਾਂ ਹੇਠ ਨਵਾਂ ਕਲੱਬ ਹੋਂਦ ਚ ਆਇਆ। 2011 ਵਿਚ ਗੋਲਡ ਕੋਸਟ ਸਨਜ਼ ਨੇ ਇਸ ਮੁਕਾਬਲੇ 'ਚ ਹਿੱਸਾ ਲਿਆ, ਜਿਸ ਤੋਂ ਬਾਅਦ ਗਰੇਟਰ ਵੈਸਟਨ ਸਿਡਨੀ ਜੁਆਇੰਟਸ ਕਲੱਬ ਸ਼ਾਮਲ ਹੋਇਆ ਤੇ ਕੁੱਲ 18 ਟੀਮਾਂ ਦਾ ਕੌਮੀ ਮੁਕਾਬਲਾ ਸਾਹਮਣੇ ਆਇਆ, ਜੋ ਅਸੀਂ ਅੱਜ ਦੇਖਦੇ ਹਾਂ।

ਭਾਰਤ ਦੀ ਸ਼ਮੂਲੀਅਤ

ਭਾਰਤ 'ਚ ਖੇਡ ਦੇ ਵਿਕਾਸ ਲਈ 2008 ਤੋਂ ਯਤਨ ਜਾਰੀ ਹਨ। 2014 'ਚ 'ਏਐੱਫਐੱਲ ਇੰਡੀਆ' ਦੀ ਸਥਾਪਨਾ ਕੀਤੀ ਗਈ ਤੇ ਇਸੇ ਸਾਲ ਏਐੱਫਐੱਲ ਇੰਡੀਆ ਚੈਪੀਅਨਸ਼ਿਪ ਕਰਵਾਈ ਗਈ ਤੇ ਬੰਗਾਲ ਜੇਤੂ ਰਿਹਾ। 2014 ਵਿਚ ਏਐੱਫਐੱਲ ਇੰਡੀਆ ਦੀ ਸਥਾਪਨਾ ਤੋਂ ਬਾਅਦ ਹੁਣ ਇਹ ਖੇਡ ਬੰਗਾਲ, ਝਾਰਖੰਡ, ਉੜੀਸਾ, ਬਿਹਾਰ, ਰਾਜਸਥਾਨ, ਮਹਾਰਾਸ਼ਟਰ, ਕੇਰਲ, ਤਮਿਲਨਾਡੂ, ਆਂਧਰ ਪ੍ਰਦੇਸ਼ 'ਚ ਖੇਡੀ ਜਾ ਰਹੀ ਹੈ। ਦਿੱਲੀ ਤੇ ਪੰਜਾਬ ਵਿਚ ਵੀ ਇਸ ਦੇ ਵਿਕਾਸ ਲਈ ਕੋਸ਼ਿਸ਼ਾਂ ਜਾਰੀ ਹਨ।

ਭਾਰਤੀ ਬੱਚਿਆਂ ਦੀ ਪਸੰਦੀਦਾ ਖੇਡ

ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਹਿਊਮ ਬੋਮਬਰਜ਼ ਨਾਂ ਦੇ ਕਲੱਬ 'ਚ ਭਾਰਤੀ ਮੂਲ ਦੇ ਬੱਚੇ ਇਸ ਖੇਡ ਨੂੰ ਆਪਣਾ ਰਹੇ ਹਨ। 2018 'ਚ ਇਨ੍ਹਾਂ ਬੱਚਿਆਂ ਨੇ ਚੰਗੀ ਖੇਡ ਦਿਖਾਈ ਤੇ ਇਸੇ ਸਾਲ ਇਸ ਕਲੱਬ ਦੀ ਸ਼ੁਰੂਆਤ ਹੋਈ। ਇਸ ਕਲੱਬ 'ਚ ਕੁੱਲ 47 ਬੱਚੇ ਫੂਟੀ ਖੇਡ ਰਹੇ ਹਨ। ਕਲੱਬ ਦੀ ਸਫਲਤਾ ਤੋਂ ਬਾਅਦ ਕਾਫੀ ਬੱਚੇ ਫੂਟੀ ਨੂੰ ਅਪਣਾ ਰਹੇ ਹਨ ਪਰ ਇਸ ਤੋਂ ਪਹਿਲਾਂ ਸਾਲ 2013-14 'ਚ ਔਸ-ਕਿੱਕ ਅਭਿਆਨ ਤਹਿਤ ਕਰੇਗੀਬਰਨ ਵਿਖੇ ਜੂਨੀਅਰ ਕਲੱਬ ਸ਼ੁਰੂ ਹੋ ਗਿਆ ਸੀ। ਖ਼ਬਰਾਂ ਇਹ ਵੀ ਨੇ ਕੇ ਬਹੁਤ ਜਲਦੀ ਭਾਰਤੀ ਮੂਲ ਨਾਲ ਸਬੰਧਤ ਇਕ ਮਹਿਲਾ ਖਿਡਾਰੀ ਏਐੱਫਐੱਲ ਦੇ ਮੈਦਾਨ ਵਿਚ ਉਤਰ ਸਕਦੀ ਹੈ।

ਖੇਡ ਦੇ ਕੁਝ ਅਹਿਮ ਪਹਿਲੂ

ਕੁੱਲ 80 ਮਿੰਟ ਦੀ ਆਸਟ੍ਰੇਲੀਅਨ ਫੁੱਟਬਾਲ ਵਿਚ 20 ਮਿੰਟ ਦੇ ਚਾਰ ਕੁਆਰਟਰ ਖੇਡੇ ਜਾਂਦੇ ਹਨ। ਜਿਸ ਬਾਲ ਨਾਲ ਇਹ ਖੇਡ ਖੇਡੀ ਜਾਂਦੀ ਹੈ, ਉਸ ਦਾ ਆਕਾਰ ਆਂਡੇ ਵਰਗਾ ਹੁੰਦਾ ਹੈ। ਇਕ ਟੀਮ 'ਚ ਮੈਚ ਦੌਰਾਨ ਮੈਦਾਨ ਵਿਚ ਖਿਡਾਰੀਆਂ ਦੀ ਗਿਣਤੀ 18 ਰਹਿੰਦੀ ਹੈ। ਖੇਡ ਮੈਦਾਨ ਦਾ ਆਕਾਰ ਵੀ ਆਂਡੇ ਦੇ ਆਕਾਰ ਜਿਹਾ ਹੁੰਦਾ ਹੈ। ਆਸਟ੍ਰੇਲੀਅਨ ਫੁੱਟਬਾਲ ਖੇਡ ਦਾ ਮੈਦਾਨ ਕ੍ਰਿਕਟ ਤੇ ਫੁੱਟਬਾਲ ਦੇ ਮੁਕਾਬਲੇ ਵੱਡਾ ਹੁੰਦਾ ਹੈ। ਖਿਡਾਰੀ ਆਪਣੇ ਹੱਥ ਜਾਂ ਪੈਰ ਦੋਵਾਂ ਨਾਲ ਖੇਡ ਸਕਦਾ ਹੈ। ਖੇਡ ਦਾ ਸਭ ਤੋਂ ਮਜ਼ੇਦਾਰ ਹਿੱਸਾ 'ਮਾਰਕ' ਮੰਨਿਆ ਜਾਂਦਾ ਹੈ, ਜਿਸ ਚ ਦੋਵਾਂ ਟੀਮਾਂ ਦੇ ਖਿਡਾਰੀ ਉੱਛਲੇ ਹੋਏ ਬਾਲ ਨੂੰ ਜੰਪ ਲਗਾ ਕੇ ਹਥਿਆਉਣ ਦੀ ਕੋਸ਼ਿਸ਼ ਕਰਦੇ ਹਨ। ਜਿੱਤ-ਹਾਰ ਦਾ ਫ਼ੈਸਲਾ ਟੀਮਾਂ ਵੱਲੋਂ ਕੀਤੇ ਗਏ ਗੋਲਾਂ ਦੇ ਆਧਾਰ 'ਤੇ ਹੁੰਦਾ ਹੈ। ਗੋਲ ਕਰਨ ਲਈ 4 ਗੋਲ ਪੋਸਟ ਹੁੰਦੀਆਂ ਹਨ, ਵਿਚਕਾਰ ਵਾਲੀਆਂ ਵੱਡੀਆਂ ਦੋ ਪੋਸਟ ਦੇ ਵਿਚਕਾਰੋਂ ਫੂਟੀ ਬਾਲ ਨਿਕਲਣ 'ਤੇ 6 ਅੰਕ ਮਿਲਦੇ ਹਨ, ਜਿਸ ਨੂੰ ਗੋਲ ਕਿਹਾ ਜਾਂਦਾ ਹੈ। ਸਾਈਡ ਵਾਲੀ ਛੋਟੀ ਪੋਸਟ ਅਤੇ ਵਿਚਕਾਰ ਵਾਲੀ ਵੱਡੀ ਪੋਸਟ ਵਿਚੋਂ ਫੂਟੀ ਬਾਲ ਨਿਕਲਣ 'ਤੇ ਇਕ ਅੰਕ ਮਿਲਦਾ ਹੈ, ਜਿਸ ਨੂੰ ਬਿਹਾਇੰਡ ਕਿਹਾ ਜਾਂਦਾ ਹੈ।

ਅਮਰਿੰਦਰ ਗਿੱਦਾ

+61-414-432-223

Posted By: Harjinder Sodhi