ਹਰਨੂਰ ਸਿੰਘ ਮਨੌਲੀ - ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਪੁੱਤਰ ਓਲੰਪੀਅਨ ਅਸ਼ੋਕ ਕੁਮਾਰ ਦੀ ਖੇਡ 'ਚ ਭਾਵੇਂ ਪਿਤਾ ਦੀ ਹਾਕੀ ਜਿੰਨੀ ਖੁਸ਼ਖਤੀ ਨਹੀਂ ਸੀ ਪਰ ਆਪਣੇ ਪਿਤਾ ਤੇ ਚਾਚਾ ਰੂਪ ਸਿੰਘ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਉਸ ਨੇ ਆਪਣੀ ਖੇਡ ਪਾਰੀ ਰੂਹ ਨਾਲ ਖੇਡੀ ਤੇ ਹਾਕੀ ਦੀ ਬੁਝ ਰਹੀ ਚਿੰਗਾੜੀ ਨੂੰ ਰੌਸ਼ਨ ਕਰਨ ਦਾ ਹੀਆ ਕੀਤਾ।

ਹਾਕੀ ਨੂੰ ਸਮਰਪਿਤ ਪਰਿਵਾਰ

ਰੱਜ ਕੇ ਭਲਾਮਾਨਸ ਮੰਨਿਆ ਜਾਂਦਾ ਅਸ਼ੋਕ ਕੁਮਾਰ ਸਿੰਘ ਸੱਤ ਭਰਾ ਸਨ, ਜਿਨ੍ਹਾਂ ਵਿੱਚੋਂ ਛੇ ਹਾਕੀ ਚੁੱਕ ਕੇ ਖੇਡ ਮੈਦਾਨ ਦੇ ਲੜ ਲੱਗੇ। ਅਸ਼ੋਕ ਕੁਮਾਰ ਸਿੰਘ ਤੋਂ ਇਲਾਵਾ ਰਾਜ ਕੁਮਾਰ ਸਿੰਘ, ਵਰੇਂਦਰ ਸਿੰਘ ਕੌਮਾਂਤਰੀ ਪੱਧਰ ਤਕ ਪੁੱਜੇ ਅਤੇ ਉਮੇਸ਼ ਕੁਮਾਰ ਸਿੰਘ, ਦੇਵਿੰਦਰ ਸਿੰਘ ਤੇ ਬ੍ਰਿਜਮੋਹਨ ਸਿੰਘ ਨੇ ਨੈਸ਼ਨਲ ਹਾਕੀ 'ਚ ਚੰਗਾਂ ਨਾਮਣਾ ਖੱਟਿਆ। ਅਸ਼ੋਕ ਕੁਮਾਰ ਸਿੰਘ ਦਾ ਦਾਦਾ ਯੋਗੇਸ਼ਵਰ ਦੱਤ ਸਿੰਘ ਵੀ ਚੰਗਾ ਹਾਕੀ ਖਿਡਾਰੀ ਸੀ, ਜਿਸ ਨੇ ਲੰਬਾ ਸਮਾਂ ਫ਼ੌਜ ਦੀ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ। ਇਸ ਤੋਂ ਬਾਅਦ ਪਿਤਾ ਧਿਆਨ ਚੰਦ ਤੇ ਚਾਚਾ ਰੂਪ ਸਿੰਘ ਓਲੰਪੀਅਨ ਖਿਡਾਰੀ ਬਣੇ ਜਦਕਿ ਅਸ਼ੋਕ ਕੁਮਾਰ ਦਾ ਇਕ ਚਾਚੇ ਮੂਲ ਸਿੰਘ ਨੇ ਰਾਸ਼ਟਰੀ ਹਾਕੀ 'ਚ ਝੰਡੀ ਗੱਡੀ। ਓਲੰਪੀਅਨ ਰੂਪ ਸਿੰਘ ਦੇ ਦੋਵਾਂ ਬੇਟਿਆਂ ਭਗਤ ਸਿੰਘ ਤੇ ਚੰਦਰਸ਼ੇਖਰ ਸਿੰਘ ਨੇ ਵੀ ਕੌਮਾਂਤਰੀ ਪੱਧਰ 'ਤੇ ਹਾਕੀ ਖੇਡ ਕੇ ਪਰਿਵਾਰ ਦੀ ਖੇਡ ਰਵਾਇਤ ਨੂੰ ਅੱਗੇ ਤੋਰਿਆ। ਇਥੇ ਹੀ ਬਸ ਨਹੀਂ, ਧਿਆਨ ਚੰਦ ਸਿੰਘ ਦੀ ਦੋਹਤੀ ਤੇ ਅਸ਼ੋਕ ਕੁਮਾਰ ਸਿੰਘ ਦੀ ਭਾਣਜੀ ਨੇਹਾ ਸਿੰਘ ਨੇ ਵੀ ਮਹਿਲਾ ਹਾਕੀ ਟੀਮ ਲਈ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਹਾਕੀ ਖੇਡੀ ਹੈ।

ਪਾਕਿ ਖ਼ਿਲਾਫ਼ ਜੇਤੂ ਗੋਲ

ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਬਜ਼ੁਰਗਾਂ ਦੀ ਹਾਕੀ ਲਈ ਪ੍ਰਤੀਬੱਧਤਾ ਕਰਕੇ ਹੀ ਉਸ ਨੇ ਖੇਡ ਮੈਦਾਨ 'ਚ ਕਦਮ ਧਰਿਆ। ਉਸ ਨੇ ਫਖ਼ਰ ਨਾਲ ਆਖਿਆ, 'ਮੇਰੇ ਵਡੇਰਿਆਂ ਨੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਹਾਕੀ ਖੇਡ ਕੇ ਵੱਡੀ ਪੁਲਾਂਘ ਪੁੱਟੀ ਹੈ, ਜਿਸ ਦਾ ਨਿਓਂਦਾ ਮੋੜਨਾ ਅੱਜ ਦੇ ਖਿਡਾਰੀਆਂ ਦੋ ਵੱਸੋਂ ਬਾਹਰ ਹੈ। ਉਨ੍ਹਾਂ ਦਾ ਹਾਕੀ ਖੇਡ ਨਾਲ ਅੰਤਾਂ ਦਾ ਲਗਾਅ ਸੀ, ਜਿਸ ਕਰਕੇ ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਉਨ੍ਹਾਂ ਦਾ ਖੇਡ ਨਾਲੋਂ ਮੋਹ ਭੰਗ ਨਹੀਂ ਹੋਇਆ।

ਅਸ਼ੋਕ ਕੁਮਾਰ ਦੀ ਖੇਡ ਦੀ ਖ਼ਾਸੀਅਤ ਇਹ ਸੀ ਕਿ ਖੇਡਦੇ ਸਮੇਂ ਮੈਦਾਨ 'ਚ ਉਸ ਨੇ ਆਪਣਾ ਮਨੋਬਲ ਚੜ੍ਹਦੀ ਕਲਾ 'ਚ ਰੱਖਿਆ। ਬਹੁਤੇ ਮੈਚਾਂ 'ਚ ਉਸ ਦੀ ਖੇਡ ਨਾਲ ਹਾਕੀ ਪ੍ਰੇਮੀਆਂ ਦੇ ਚਿਹਰਿਆਂ 'ਤੇ ਖੇੜੇ ਆਉਂਦੇ ਰਹੇ। ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ 'ਚ 1975 ਦੇ ਵਿਸ਼ਵ ਹਾਕੀ ਕੱਪ ਵਿਚ ਫਾਈਨਲ 'ਚ ਪਾਕਿਸਤਾਨੀ ਟੀਮ ਵਿਰੁੱਧ ਨਿਰਣਾਇਕ ਜੇਤੂ ਗੋਲ ਦਾਗਣ ਕਰਕੇ ਉਹ ਹਾਕੀ ਦੇ ਪ੍ਰਸ਼ੰਸਕਾਂ ਦਾ ਚਹੇਤਾ ਖਿਡਾਰੀ ਬਣਿਆ। ਵਿਸ਼ਵ ਹਾਕੀ ਕੱਪ ਦੀ ਮਾਣਮੱਤੀ ਜਿੱਤ ਤੋਂ ਇਲਾਵਾ ਬਹੁਤੇ ਆਲਮੀ ਟੂਰਨਾਮੈਂਟਾਂ 'ਚ ਅਸ਼ੋਕ ਕੁਮਾਰ ਦੀ ਨੁਮਾਇੰਦਗੀ ਵਾਲੀ ਟੀਮ ਨੂੰ ਹਾਰਾਂ ਨਾਲ ਵੀ ਦੋ-ਚਾਰ ਹੋਣਾ ਪਿਆ ਪਰ ਇਸ ਮਹਾਨ ਖਿਡਾਰੀ ਦੀ ਖੇਡ ਚਮਕ ਨੂੰ ਹਾਰ ਦੇ ਬੱਦਲ ਵੀ ਛੁਪਾ ਨਾ ਸਕੇ।

ਖੇਡ ਕਸਤੂਰੀ ਦੀ ਆਲਮੀ ਮਹਿਕ

ਸੱਚ ਜਾਣੋਂ ਤਾਂ ਸਟਰਾਈਕਰ ਅਸ਼ੋਕ ਕੁਮਾਰ ਸਿੰਘ ਮੂਹਲੀ ਪਾਲ ਦਾ ਵਾਵਰੋਲਾ ਸੀ, ਜਿਸ ਬਾਰੇ ਕਿਹਾ ਜਾਂਦਾ ਸੀ ਕਿ ਬਾਲ ਜਦੋਂ ਉਸ ਦੀ ਹਾਕੀ 'ਤੇ ਹੈ ਤਾਂ ਵਿਰੋਧੀ ਟੀਮ 'ਤੇ ਗੋਲ ਹੋਣ ਦੇ ਆਸਾਰ ਸੌ ਫ਼ੀਸਦੀ ਬਣ ਜਾਂਦੇ ਸਨ। ਇਸੇ ਜ਼ਾਹਿਰਾਨਾ ਖੇਡ ਸਦਕਾ ਉਸ ਦੀ ਖੇਡ ਦੀ ਕਸਤੂਰੀ ਮਹਿਕ ਕੌਮੀ ਤੇ ਕੌਮਾਂਤਰੀ ਪੱਧਰ ਤਕ ਫੈਲੀ। 1975 ਦੇ ਆਲਮੀ ਕੱਪ ਦੀ ਜਿੱਤ ਦਾ ਸਿਹਰਾ ਉਹ ਸਮੁੱਚੀ ਟੀਮ ਦੇ ਸਿਰ ਬੰਨ੍ਹਦਾ ਹੈ। ਉਹ ਹਾਕੀ 'ਚ ਮਿਲੀਆਂ ਹਾਰਾਂ ਦਾ ਖ਼ੁਲਾਸਾ ਕਰਦਿਆਂ ਕਹਿੰਦਾ ਹੈ ਕਿ ਹਰ ਸਮੇਂ ਹਾਰਨ ਨਾਲ ਭਾਵੇਂ ਹਾਕੀ ਦੇ ਦੀਵਾਨਿਆਂ ਦਾ ਕਲੇਜਾ ਸੱਲਿਆ ਜਾਂਦਾ ਹੈ ਪਰ ਹਾਰਾਂ ਨੂੰ ਕਬੂਲਣਾ ਵੀ ਖੇਡ ਨਾਲ ਸਾਂਝ ਪਾਉਣ ਵਾਂਗ ਹੈ। ਹਰ ਵਾਰ ਜਿੱਤਿਆ ਵੀ ਨਹੀਂ ਜਾ ਸਕਦਾ ਤੇ ਨਾ ਹੀ ਹਾਰਾਂ ਨੂੰ ਲਗਾਤਾਰ ਬਰਦਾਸ਼ਤ ਕੀਤਾ ਜਾ ਸਕਦਾ ਹੈ। ਉਸ ਦਾ ਕਹਿਣਾ ਹੈ ਕਿ ਅਸਲੀ ਖੇਡ ਤੱਥ ਬੜੇ ਰੋਚਕ ਹੋਣ ਦੇ ਨਾਲ ਬੇਰਹਿਮ ਵੀ ਹੁੰਦੇ ਹਨ।

ਕੌਮੀ ਤੇ ਕੌਮਾਂਤਰੀ ਪ੍ਰਾਪਤੀਆਂ

ਕੌਮੀ ਹਾਕੀ ਖੇਡਣ ਤੋਂ ਇਲਾਵਾ ਓਲੰਪਿਕ, ਏਸ਼ਿਆਈ ਤੇ ਵਿਸ਼ਵ ਹਾਕੀ ਕੱਪ ਦੇ ਮੈਦਾਨ 'ਚ ਲੰਬਾ ਸਮਾਂ ਹਾਜ਼ਰੀ ਭਰਨ ਵਾਲੇ ਅਸ਼ੋਕ ਕੁਮਾਰ ਦੀ ਖੇਡ ਸੂਚੀ 'ਚ ਸਿੰਗਾਪੁਰ-1971 ਇੰਟਰਨੈਸ਼ਨਲ ਹਾਕੀ ਟੂਰਨਾਮੈਂਟ ਖੇਡਣਾ ਵੀ ਸ਼ਾਮਲ ਹੈ, ਜਿਸ 'ਚ ਉਸ ਨੇ ਵਿਰੋਧੀ ਟੀਮਾਂ ਦਾ ਮੱਕੂ ਬੰਨ੍ਹੀ ਰੱਖਿਆ। ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਖੇ 1979 'ਚ ਹੋਏ ਇਸੰਡਾ ਹਾਕੀ ਮੁਕਾਬਲੇ 'ਚ ਭਰਤੀ ਟੀਮ ਦੇ ਕਪਤਾਨ ਅਸ਼ੋਕ ਕੁਮਾਰ ਸਿੰਘ ਨੂੰ 1974 'ਚ 'ਆਲ ਏਸ਼ੀਅਨ ਸਟਾਰਜ਼' ਹਾਕੀ ਟੀਮ ਲਈ ਖੇਡਣ ਦਾ ਮਾਣ ਮਿਲਿਆ। ਅਸ਼ੋਕ ਕੁਮਾਰ ਨੂੰ ਦੋ ਵਾਰ 'ਵਿਸ਼ਵ ਇਲੈਵਨ ਹਾਕੀ ਟੀਮ' ਲਈ ਚੁਣਿਆ ਗਿਆ। ਉਹ ਕੌਮੀ ਹਾਕੀ ਟੀਮ ਦੀ ਸਿਲੈਕਸ਼ਨ ਕਮੇਟੀ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ।

ਬੈਂਕਾਕ-1970, ਤਹਿਰਾਨ-1974 ਤੇ ਬੈਂਕਾਕ-1978 ਤਿੰਨ ਵਾਰ ਏਸ਼ਿਆਈ ਹਾਕੀ 'ਚ ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲੇ ਅਸ਼ੋਕ ਕੁਮਾਰ ਨੇ ਕੌਮਾਂਤਰੀ ਕਰੀਅਰ ਦਾ ਖਾਤਾ ਬੈਂਕਾਕ-1970 ਦਾ ਹਾਕੀ ਅਡੀਸ਼ਨ ਖੇਡ ਕੇ ਖੋਲ੍ਹਿਆ। ਤਿੰਨਾਂ ਹਾਕੀ ਅਡੀਸ਼ਨਾਂ ਦੇ ਫਾਈਨਲ 'ਚ ਭਾਰਤੀ ਟੀਮ ਨੂੰ ਪਾਕਿਸਤਾਨੀ ਟੀਮ ਤੋਂ ਹਾਰ ਝੱਲਦਿਆਂ ਚਾਂਦੀ ਦੇ ਮੈਡਲ ਨਾਲ ਸਬਰ ਕਰਨਾ ਪਿਆ। ਅਸ਼ੋਕ ਕੁਮਾਰ ਨੇ ਬਾਰਸੀਲੋਨਾ-1971, ਐਮਸਟਰਡਮ-1973, ਕੁਆਲਾਲੰਪੁਰ-1975 ਤੇ ਬਿਊਨਿਸ ਆਈਰਸ-1978 ਦੇ ਚਾਰ ਵਿਸ਼ਵ ਟੂਰਨਾਮੈਂਟਾਂ 'ਚ ਟੀਮ ਦੀ ਨੁਮਾਇੰਦਗੀ ਕਰ ਕੇ ਆਪਣੇ ਖੇਡ ਰਿਕਾਰਡ ਨੂੰ ਆਲਮੀ ਹਾਕੀ ਦੇ ਪੰਨਿਆਂ 'ਚ ਦਰਜ ਕਰਵਾਇਆ। ਅਜੀਤਪਾਲ ਸਿੰਘ ਕੁਲਾਰ ਦੀ ਅਗਵਾਈ 'ਚ ਬਾਰਸੀਲੋਨਾ-1971 ਵਿਸ਼ਵ ਕੱਪ 'ਚ ਟੀਮ ਨੇ ਤਾਂਬੇ ਦਾ ਤਗਮਾ ਜਿੱਤਿਆ। 1973 ਦੇ ਐਮਸਟਰਡਮ ਆਲਮੀ ਕੱਪ 'ਚ ਓਲੰਪੀਅਨ ਐੱਮਪੀ ਗਣੇਸ਼ ਦੀ ਕਪਤਾਨੀ 'ਚ ਟੀਮ ਨੇ ਚਾਂਦੀ ਦਾ ਕੱਪ ਜਿੱਤਿਆ। ਕੁਆਲਾਲੰਪੁਰ-1975 ਆਲਮੀ ਕੱਪ 'ਚ ਅਜੀਤਪਾਲ ਸਿੰਘ ਦੀ ਕਮਾਂਡ 'ਚ ਭਾਰਤ ਵਿਸ਼ਵ ਚੈਂਪੀਅਨ ਬਣਿਆ। ਜਦੋਂ ਭਾਰਤ ਨੇ ਪਹਿਲੀ ਤੇ ਆਖ਼ਰੀ ਵਾਰ ਆਲਮੀ ਕੱਪ ਜਿੱਤਿਆ ਤਾਂ ਉਦੋਂ ਫੁੱਲ ਬੈਕ ਸੁਰਜੀਤ ਸਿੰਘ ਦੇ ਸ਼ਾਨਦਾਰ ਕਰਾਸ ਤੋਂ ਮਿਲੀ ਬਾਲ ਨੂੰ ਅਸ਼ੋਕ ਕੁਮਾਰ ਸਿੰਘ ਨੇ ਗੋਲ ਦਾ ਰਸਤਾ ਵਿਖਾਇਆ। ਵਿਰੋਧੀ ਰੱਖਿਅਕਾਂ ਦੀਆਂ ਅੱਖਾਂ 'ਚ ਰੜਕਣ ਵਾਲੇ ਅਸ਼ੋਕ ਕੁਮਾਰ ਨੇ ਮਿਊਨਿਖ-1972 ਤੇ ਮਾਂਟੀਰੀਅਲ-1976 ਦੇ ਦੋ ਓਲੰਪਿਕ ਅਡੀਸ਼ਨ ਖੇਡ ਕੇ ਮੈਦਾਨ 'ਚ ਅਲੱਗ ਲਕੀਰਾਂ ਵਾਹੁਣ ਦਾ ਉਪਰਾਲਾ ਕੀਤਾ। ਮਿਊਨਿਖ-1972 ਓਲੰਪਿਕ 'ਚ ਹਰਮੀਕ ਸਿੰਘ ਦੀ ਕਮਾਂਡ 'ਚ ਟੀਮ ਨੇ ਤਾਂਬੇ ਦਾ ਤਗਮਾ ਹਾਸਲ ਕੀਤਾ ਜਦਕਿ ਮਾਂਟੀਰੀਅਲ-1976 ਦੀ ਓਲੰਪਿਕ 'ਚ ਭਾਰਤ ਨੂੰ ਸੱਤਵਾਂ ਰੈਂਕ ਹਾਸਲ ਹੋਇਆ।

ਟੀਮ-ਵਰਕ 'ਚ ਯਕੀਨ

ਅਸ਼ੋਕ ਕੁਮਾਰ ਨੇ ਕਿਹਾ ਕਿ ਹਾਕੀ ਹੀ ਹੈ ਜਿਸ ਵਿਚ ਦੇਸ਼ ਨੇ ਅੱਠ ਸੋਨ ਤਗਮੇ ਜਿੱਤੇ ਹਨ। ਹਾਕੀ ਦੇ ਰਹਿਬਰ ਤੇ ਸਮੇਂ ਦੀਆਂ ਸਰਕਾਰਾਂ ਇਸ ਖੇਡ ਨੂੰ ਆਸਰਾ ਦੇਣ ਦੀ ਥਾਂ ਥੱਲੇ ਲਿਜਾ ਰਹੀਆਂ ਹਨ। ਹਾਕੀ ਸਮੇਤ ਦੂਸਰੀਆਂ ਖੇਡਾਂ ਨਾਲ ਮਤਰੇਆ ਸਲੂਕ ਕੀਤਾ ਜਾਂਦਾ ਹੈ। ਇਸੇ ਲਈ ਦੇਸ਼ ਨੂੰ ਕੌਮਾਂਤਰੀ ਪੱਧਰ 'ਤੇ ਬਹੁਤ ਵਾਰ ਨਮੋਸ਼ੀ ਝੱਲਣੀ ਪਈ। ਅਸ਼ੋਕ ਕੁਮਾਰ ਦਾ ਮੰਨਣਾ ਹੈ ਕਿ ਮੈਦਾਨ 'ਚ ਗੋਲ ਲਈ ਬਣਾਏ ਹਰ ਮੂਵ ਪਿੱਛੇ 11 ਖਿਡਾਰੀਆਂ ਦੀ ਮਿਹਨਤ ਹੁੰਦੀ ਹੈ। ਇਸ ਲਈ ਮੀਡੀਆ ਵੱਲੋਂ

ਸਕੋਰ ਕਰਨ ਵਾਲੇ ਖਿਡਾਰੀ ਨੂੰ ਹੀਰੋ ਵਜੋਂ ਪੇਸ਼ ਕਰਨਾ ਦੂਜੇ ਖਿਡਾਰੀਆਂ ਨਾਲ ਨਾਇਨਸਾਫੀ ਹੈ।

ਕ੍ਰਿਕਟ ਪਿੱਛੇ ਭੱਜਣ ਵਾਲੇ ਨੌਜਵਾਨ ਖਿਡਾਰੀਆਂ ਨੂੰ ਉਸ ਦੀ ਸਲਾਹ ਹੈ ਕਿ ਪੈਸਾ ਹੀ ਸਭ ਕੁਝ ਨਹੀਂ ਹੈ। ਹੋਰਨਾਂ ਖੇਡਾਂ ਵਿਚ ਵੀ ਦੇਸ਼ ਦੇ ਜੇਤੂ ਸੁਪਨੇ ਸੱਚ ਕੀਤੇ ਜਾਣ। ਉਸ ਦਾ ਕਹਿਣਾ ਹੈ ਕਿ ਮੇਰੇ ਪਿਤਾ ਓਲੰਪੀਅਨ ਧਿਆਨ ਚੰਦ ਨੂੰ ਹਿਟਲਰ ਨੇ ਜਰਮਨ ਦੀ ਟੀਮ ਵੱਲੋਂ ਖੇਡਣ ਦੀ ਪੇਸ਼ਕਸ਼ ਸਵਿਕਾਰ ਕਰਨ 'ਤੇ ਉੱਚੇ ਸਰਕਾਰੀ ਅਹੁਦੇ ਦਾ ਲਾਲਚ ਦਿੱਤਾ ਗਿਆ ਪਰ ਉਨ੍ਹਾਂ ਭਾਰਤ ਮਾਂ ਦੇ ਵਿਸ਼ਵਾਸ ਨੂੰ ਜ਼ਰਾ ਵੀ ਠੇਸ ਨਹੀਂ ਪਹੁੰਚਾਈ ਤੇ ਲਾਲਚ ਭਰੀ ਹਰ ਪੇਸ਼ਕਸ਼ ਨੂੰ ਮੈਦਾਨ ਅੰਦਰ ਹੀ ਠੋਕਰ ਮਾਰ ਦਿੱਤੀ। ਖੇਡ ਮੈਦਾਨ 'ਚ ਸੱਪ ਵਾਂਗ ਮੇਲਣ ਵਾਲੇ ਅਸ਼ੋਕ ਕੁਮਾਰ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦੇ ਹੋਏ ਕੇਂਦਰੀ ਖੇਡ ਮੰਤਰਾਲੇ ਵਲੋਂ 1974 'ਚ ਉਸ ਨੂੰ ਖੇਡ ਪੁਰਸਕਾਰ 'ਅਰਜੁਨਾ ਐਵਾਰਡ' ਨਾਲ ਸਨਮਾਨਤ ਕੀਤਾ ਗਿਆ।

ਸਕੂਲ ਤੋਂ ਕੌਮਾਂਤਰੀ ਮੰਚ ਤਕ

ਅਸ਼ੋਕ ਕੁਮਾਰ ਸਿੰਘ ਦਾ ਜਨਮ ਪਹਿਲੀ ਜੂਨ 1950 ਨੂੰ ਯੂਪੀ ਦੇ ਸ਼ਹਿਰ ਮੇਰਠ ਵਿਖੇ ਹੋਇਆ। ਅਸ਼ੋਕ ਕੁਮਾਰ ਨੇ 6 ਸਾਲ ਦੀ ਉਮਰੇ ਸਕੂਲ ਪੜ੍ਹਦਿਆਂ ਹਾਕੀ ਖੇਡਣ ਦੇ ਗੁਰ ਸਿੱਖੇ। ਇਸ ਤੋਂ ਬਾਅਦ ਅਸ਼ੋਕ ਕੁਮਾਰ ਨੂੰ ਲਗਾਤਾਰ 4 ਸਾਲ ਉੱਤਰ ਪ੍ਰਦੇਸ਼ ਦੀ ਜੂਨੀਅਰ ਕੌਮੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ। ਜੂਨੀਅਰ ਖਿਡਾਰੀ ਵਜੋਂ ਮੈਦਾਨ 'ਚ ਵਿਚਰਨ ਵਾਲਾ ਅਸ਼ੋਕ ਕੁਮਾਰ ਆਪਣੀ ਹਾਕੀ ਦਾ ਮਾਲਕ ਵੀ ਆਪ ਬਣਿਆ, ਜਿਸ ਸਦਕਾ ਹਰ ਪਾਸਿਓਂ ਉਸ ਨੂੰ ਪ੍ਰਸ਼ੰਸਾ ਦੇ ਬੋਲ ਸੁਣਨ ਨੂੰ ਮਿਲੇ। 1966-67 'ਚ ਰਾਜਸਥਾਨ ਯੂਨੀਵਰਸਿਟੀ ਵੱਲੋਂ ਹਾਕੀ ਖੇਡਣ ਵਾਲੇ ਅਸ਼ੋਕ ਕੁਮਾਰ ਦੀ ਖੇਡ ਨੂੰ ਪ੍ਰਵਾਨ ਕਰਦਿਆਂ 'ਵਰਸਿਟੀ ਖੇਡ ਪ੍ਰਬੰਧਕਾਂ ਨੇ 1968-69 'ਚ ਉਸ ਦੀ ਚੋਣ ਕੰਬਾਇੰਡ 'ਵਰਸਿਟੀ ਹਾਕੀ ਟੀਮ ਲਈ ਕੀਤੀ। ਉਸ ਸਮੇਂ ਕਿਸੇ ਨੂੰ ਨੈਸ਼ਨਲ ਹਾਕੀ ਟੂਰਨਾਮੈਂਟ ਖੇਡਣ ਲਈ ਟੀਮ 'ਚ ਸ਼ਾਮਲ ਕਰਨਾ ਆਪਣੇ ਆਪ 'ਚ ਖ਼ਾਸ ਅਰਥ ਰੱਖਦਾ ਸੀ। ਕੰਬਾਇੰਡ 'ਵਰਸਿਟੀ ਵੱਲੋਂ ਖੇਡਣ ਲਈ ਚੁਣੇ ਜਾਣ ਤੋਂ ਬਾਅਦ ਅਸ਼ੋਕ ਕਮਾਰ ਨੂੰ ਕਲਕੱਤਾ ਦੇ ਮਸ਼ਹੂਰ ਹਾਕੀ ਕਲੱਬ ਮੋਹਨ ਬਾਗਾਨ ਨੇ ਆਪਣੀ ਟੀਮ ਵੱਲੋਂ ਖੇਡਣ ਲਈ ਨਾਮਜ਼ਦ ਕਰ ਲਿਆ। ਅਸ਼ੋਕ ਕੁਮਾਰ ਬੰਗਾਲ ਦੇ ਹਾਕੀ ਕਲੱਬ ਵਲੋਂ 1971 'ਚ ਬੰਗਲੌਰ ਵਿਖੇ ਹੋਏ ਕੌਮੀ ਹਾਕੀ ਮੁਕਾਬਲੇ 'ਚ ਵੀ ਖੇਡਿਆ। ਨੈਸ਼ਨਲ ਹਾਕੀ ਟੂਰਨਾਮੈਂਟ 'ਚ ਅਸ਼ੋਕ ਕੁਮਾਰ ਦੀ ਦੀਆਂ ਧੁੰਮਾਂ ਪੈਣ ਕਰਕੇ ਇੰਡੀਅਨ ਏਅਰਲਾਈਨਜ਼ ਨੇ ਉਸ ਨੂੰ 'ਸੀਨੀਅਰ ਫਲਾਈਟ ਅਫਸਰ' ਦੇ ਅਹੁਦੇ ਨਾਲ ਨਿਵਾਜ ਕੇ ਆਪਣੀ ਟੀਮ ਵਿਚ ਸ਼ਾਮਲ ਕਰ ਲਿਆ। ਇਸ ਮਹਿਕਮੇ ਦੀ ਹਾਕੀ ਟੀਮ ਲਈ ਕੌਮੀ ਹਾਕੀ ਖੇਡਣ ਦੀ ਪਾਰੀ ਸਮਾਪਤ ਕਰ ਕੇ ਓਲੰਪੀਅਨ ਅਸ਼ੋਕ ਕੁਮਾਰ ਨੇ ਇੰਡੀਅਨ ਏਅਰਲਾਈਨਜ਼ ਨਾਲ ਅਜੇ ਤਕ ਵੀ ਬਤੌਰ ਖੇਡ ਮੈਨੇਜਰ, ਖਿਡਾਰੀਆਂ ਦੀ ਚੋਣ ਕਮੇਟੀ ਦੇ ਮੁਖੀ ਅਤੇ ਮੁੱਖ ਹਾਕੀ ਕੋਚ ਵਜੋਂ ਯਾਰੀ ਗੰਢੀ ਹੋਈ ਹੈ।

94171-82993

Posted By: Harjinder Sodhi