ਮਨੁੱਖ ਦੇ ਮਨ ਵਿਚ ਸੇਵਾ ਭਾਵ ਦਾ ਹੋਣਾ ਅਤਿ-ਜ਼ਰੂਰੀ ਹੈ। ਸੇਵਾ ਮਨੁੱਖੀ ਜੀਵਨ ਦੀ ਸ਼ੋਭਾ ਹੈ ਅਤੇ ਸਹੀ ਅਰਥਾਂ ਵਿਚ ਇਹੋ ਈਸ਼ਵਰ ਦੀ ਸੱਚੀ ਅਰਾਧਨਾ ਵੀ ਹੈ। ਮਨੁੱਖ ਸੇਵਾ ਭਾਵ ਨਾਲ ਈਸ਼ਵਰ ਦੇ ਤੁੱਲ ਹੋ ਜਾਂਦਾ ਹੈ। ਈਸ਼ਵਰ ਸਾਰਿਆਂ ਨਾਲ ਪ੍ਰੇਮ ਕਰਦਾ ਹੈ ਅਤੇ ਸਭ ਪ੍ਰਤੀ ਇੱਕੋ ਜਿਹਾ ਭਾਵ ਰੱਖਦਾ ਹੈ ਅਤੇ ਜਦ ਮਨੁੱਖ ਵੀ ਉਸ ਦੇ ਮਾਰਗ 'ਤੇ ਚੱਲਦਾ ਹੈ ਤਾਂ ਉਹ ਉਸ ਤੋਂ ਬਹੁਤ ਪ੍ਰਸੰਨ ਹੁੰਦਾ ਹੈ। ਸੇਵਾ ਲਈ ਉੱਠੇ ਹੱਥ ਓਨੇ ਹੀ ਮਹਾਨ ਹੁੰਦੇ ਹਨ ਜਿੰਨੇ ਈਸ਼ਵਰ ਦੀ ਪ੍ਰਾਰਥਨਾ ਵਿਚ ਉੱਠਣ ਵਾਲੇ ਹੱਥ ਹੁੰਦੇ ਹਨ। ਦੂਜਿਆਂ ਦੀ ਸੇਵਾ ਕਰਨ ਵਾਲੇ ਜੀਵ 'ਤੇ ਈਸ਼ਵਰ ਦੀ ਸਦਾ ਕਿਰਪਾ ਬਣੀ ਰਹਿੰਦੀ ਹੈ। ਸਾਡੀ ਸੇਵਾ ਤੋਂ ਖ਼ੁਸ਼ ਹੋਣ ਵਾਲੇ ਲੋਕ ਸਾਨੂੰ ਪਿਆਰ, ਸਨੇਹ, ਅਸ਼ੀਰਵਾਦ ਅਤੇ ਦੁਆਵਾਂ ਦਿੰਦੇ ਹਨ ਜਿਸ ਕਾਰਨ ਸਾਡੇ ਕਸ਼ਟ ਦੂਰ ਹੋ ਜਾਂਦੇ ਹਨ। ਈਸ਼ਵਰ ਵੀ ਸਾਨੂੰ ਕਸ਼ਟ ਸਹਿਣ ਦੀ ਅਸੀਮ ਸ਼ਕਤੀ ਪ੍ਰਦਾਨ ਕਰਦਾ ਹੈ। ਸੇਵਾ ਮਨੁੱਖ ਨੂੰ ਸਰਲ ਅਤੇ ਨਿਰਸਵਾਰਥ ਬਣਾਈ ਰੱਖਦੀ ਹੈ। ਸੇਵਾ ਨਾਲ ਮਨੁੱਖ ਦੇ ਮਨ ਵਿਚ ਕਦੇ ਇਹ ਵਿਚਾਰ ਨਹੀਂ ਆਉਂਦਾ ਹੈ ਕਿ ਕਿਸੇ ਚੀਜ਼ 'ਤੇ ਸਿਰਫ਼ ਉਸ ਦਾ ਹੀ ਅਧਿਕਾਰ ਹੈ। ਸੇਵਾ ਵਿਚ ਮਨੁੱਖ ਆਪਣੇ ਕੋਲ ਉਪਲਬਧ ਹਰੇਕ ਵਸਤ ਨੂੰ ਦੂਸਰਿਆਂ ਨਾਲ ਨਿਰਸਵਾਰਥ ਵੰਡਦਾ ਹੈ। ਸੇਵਾ ਦਾ ਮਤਲਬ ਵੀ ਇਹੋ ਹੈ ਕਿ ਦੂਜਿਆਂ ਵਿਚ ਵੀ ਅਸੀਂ ਖ਼ੁਦ ਨੂੰ ਵੇਖੀਏ ਅਤੇ ਉਨ੍ਹਾਂ ਨਾਲ ਵੀ ਉਹੋ ਜਿਹਾ ਵਿਵਹਾਰ ਕਰੀਏ ਜਿਹੋ ਜਿਹਾ ਅਸੀਂ ਆਪਣੇ ਨਾਲ ਕਰਦੇ ਹਾਂ। ਜਦ ਅਸੀਂ ਖ਼ੁਦ ਲਈ ਕਸ਼ਟ-ਦੁੱਖ ਨਹੀਂ ਚਾਹੁੰਦੇ ਹਾਂ ਤਾਂ ਸਾਨੂੰ ਵੀ ਦੂਜਿਆਂ ਦੇ ਦੁੱਖਾਂ ਵਿਚ ਉਨ੍ਹਾਂ ਦਾ ਸਹਾਰਾ ਬਣਨਾ ਚਾਹੀਦਾ ਹੈ। ਇਸ ਭਾਵਨਾ ਦਾ ਅਸੀਂ ਜਿੰਨਾ ਵਿਸਥਾਰ ਕਰਾਂਗੇ, ਸਾਡੇ ਜੀਵਨ ਵਿਚ ਓਨੀ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਫੈਲੇਗੀ। ਜਦ ਤਕ ਅਸੀਂ ਸੁੱਖ-ਦੁੱਖ ਵਿਚ ਇਕ-ਦੂਜੇ ਨਾਲ ਨਹੀਂ ਜੁੜਾਂਗੇ, ਉਦੋਂ ਤਕ ਮਨੁੱਖੀ ਜੀਵਨ ਦੀ ਸਾਰਥਿਕਤਾ ਵੀ ਸਿੱਧ ਨਹੀਂ ਹੁੰਦੀ ਹੈ। ਮਹਾਤਮਾ ਗਾਂਧੀ ਦਾ ਕਹਿਣਾ ਸੀ ਕਿ ਮੇਰੀ ਇਕ ਵੱਡੀ ਕਾਮਨਾ ਹੈ ਕਿ ਮੈਂ ਘੱਟੋ-ਘੱਟ ਇਕ ਵਿਅਕਤੀ ਦਾ ਦੁੱਖ ਘੱਟ ਕਰ ਸਕਾਂ। ਜ਼ਿਆਦਾਤਰ ਮਨੁੱਖ ਇਹੋ ਸੋਚਦੇ ਹਨ ਕਿ ਜੇ ਉਨ੍ਹਾਂ ਨੂੰ ਦੁਨੀਆ ਦੀਆਂ ਸਾਰੀਆਂ ਸੁੱਖ-ਸਹੂਲਤਾਂ ਮਿਲ ਜਾਣ ਤਾਂ ਉਨ੍ਹਾਂ ਦਾ ਜੀਵਨ ਸਵਰਗ ਬਣ ਜਾਵੇ। ਜੇ ਉਨ੍ਹਾਂ ਨੂੰ ਇਹ ਸਹੂਲਤਾਂ ਮਿਲ ਵੀ ਜਾਣ ਤਾਂ ਵੀ ਉਨ੍ਹਾਂ ਦਾ ਜੀਵਨ ਸਵਰਗ ਨਹੀਂ ਬਣ ਸਕਦਾ। ਸਹੂਲਤਾਂ ਮਿਲਣ ਮਗਰੋਂ ਉਨ੍ਹਾਂ ਦਾ ਮਨ ਜ਼ਿਆਦਾ ਅਸ਼ਾਂਤ ਹੋ ਜਾਂਦਾ ਹੈ ਕਿਉਂਕਿ ਭੌਤਿਕ ਚੀਜ਼ਾਂ 'ਚ ਪਲ ਭਰ ਦਾ ਹੀ ਸੁੱਖ ਹੁੰਦਾ ਹੈ। ਮਨ ਦੀ ਸੱਚੀ ਸ਼ਾਂਤੀ ਭੌਤਿਕ ਸੁੱਖਾਂ ਨਾਲ ਨਹੀਂ ਸਗੋਂ ਮਨੁੱਖਾਂ ਵਿਚ ਰਹਿਣ ਨਾਲ ਮਿਲਦੀ ਹੈ। ਜਦ ਅਸੀਂ ਭੌਤਿਕ ਸਹੂਲਤਾਂ ਨੂੰ ਤਿਆਗ ਕੇ ਦੂਜਿਆਂ ਦੇ ਦੁੱਖ-ਦਰਦ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਦ ਅਸੀਂ ਅਸੀਮ ਸੁੱਖ ਅਤੇ ਸੰਤੁਸ਼ਟੀ ਪ੍ਰਾਪਤ ਕਰ ਸਕਦੇ ਹਾਂ।

-ਸ਼ੰਭੂਨਾਥ ਪਾਂਡੇ।

Posted By: Sukhdev Singh