ਕਿਸੇ ਨੂੰ ਮਾਰਨਾ-ਕੁੱਟਣਾ, ਖ਼ੂਨ-ਖ਼ਰਾਬਾ ਅਤੇ ਉਸ ਦਾ ਵਿਚਾਰ ਕਰਨਾ ਵੀ ਹਿੰਸਾ ਹੈ। ਮਾਰਕੁੱਟ, ਖ਼ੂਨ-ਖ਼ਰਾਬੇ ਕਾਰਨ ਵੱਡੇ-ਵੱਡੇ ਰਾਜੇ-ਮਹਾਰਾਜੇ ਬਰਬਾਦ ਹੋ ਗਏ ਤਾਂ ਆਮ ਵਿਅਕਤੀ ਦੀ ਕੀ ਔਕਾਤ? ਸ਼ਾਸਤਰਾਂ ਵਿਚ ਕਰੋਧ, ਸਾੜਾ, ਮੰਦੇ ਬੋਲ, ਨਿੰਦਾ, ਕਿਸੇ ਦੇ ਬੁਰੇ ਦੀ ਕਾਮਨਾ ਜਾਂ ਬੁਰਾ ਕਰਨਾ ਆਦਿ ਤਾਮਸਿਕ ਔਗੁਣ ਦੀ ਸ੍ਰੇਣੀ ਵਿਚ ਗਿਣਾਏ ਗਏ ਹਨ, ਉਹ ਸਭ ਹਿੰਸਾ ਦੇ ਹੀ ਅਸਤਰ-ਸ਼ਸਤਰ ਹਨ। ਵਿਅਕਤੀ ਜਦ ਇਨ੍ਹਾਂ ਦੀ ਵਰਤੋਂ ਕਰਦਾ ਹੈ ਤਾਂ ਦੂਜਿਆਂ ਤੋਂ ਜ਼ਿਆਦਾ ਨੁਕਸਾਨ ਉਸ ਦਾ ਆਪਣਾ ਹੀ ਹੁੰਦਾ ਹੈ। ਕਰੋਧ ਤਾਂ ਉਹ ਘਾਤਕ ਹਥਿਆਰ ਹੈ ਜੋ ਕਰੋਧ ਕਰਨ ਵਾਲੇ ਦਾ ਪਹਿਲਾਂ ਖ਼ੂਨ ਸਾੜਦਾ ਹੈ। ਇਸੇ ਤਰ੍ਹਾਂ ਕਰੋਧ ਵਿਚ ਚੀਕਣ ਅਤੇ ਮੰਦੇ ਬੋਲ ਬੋਲਣ 'ਤੇ ਜਿਸਮ ਦੇ ਸੈੱਲ (ਜੀਵਾਣੂ) ਨਸ਼ਟ ਹੁੰਦੇ ਹਨ। ਇਸ ਹਾਲਤ ਵਿਚ ਜੀਭ 'ਤੇ ਬਿਰਾਜਮਾਨ ਰਸਾਇਣ (ਸਲਾਈਵਾ) ਨੂੰ ਨੁਕਸਾਨ ਪੁੱਜਦਾ ਹੈ। ਕਰੋਧ ਦੀ ਹਾਲਤ ਵਿਚ ਗਲ਼ਾ ਸੁੱਕਣ ਲੱਗਦਾ ਹੈ ਅਤੇ ਸਲਾਈਵਾ ਦੇ ਘੱਟ ਹੋਣ ਕਾਰਨ ਪਾਚਨ ਤੰਤਰ ਵਿਗੜਦਾ ਹੈ। ਇਸੇ ਤਰ੍ਹਾਂ ਕਿਸੇ ਦਾ ਮੰਦਾ ਚਾਹੁਣ ਜਾਂ ਮੰਦਾ ਕਰਨ ਵਾਲੇ ਇਨਸਾਨ ਦੀ ਅੰਤਰ ਆਤਮਾ ਉਸ ਨੂੰ ਲਾਹਨਤਾਂ ਪਾਉਂਦੀ ਹੈ ਜਿਸ ਸਦਕਾ ਉਹ ਅੰਦਰੋਂ ਟੁੱਟ ਜਾਂਦਾ ਹੈ। ਅਜਿਹੇ ਲੋਕ ਮਾਨਸਿਕ ਰੋਗੀ ਤਕ ਹੋ ਜਾਂਦੇ ਹਨ। ਉਹ ਉਦਾਸੀ ਦੀ ਬਿਮਾਰੀ ਦੀ ਲਪੇਟ ਵਿਚ ਆ ਜਾਂਦੇ ਹਨ। ਉਮਰ ਵਧਣ 'ਤੇ ਭੁੱਲਣ ਦੀ ਬਿਮਾਰੀ ਤਾਂ ਤੈਅ ਹੀ ਹੈ।

ਇਸ ਤਰ੍ਹਾਂ ਉਕਤ ਨਾਂਹ-ਪੱਖੀ ਵਤੀਰਿਆਂ ਸਦਕਾ ਹੋਰਾਂ ਤੋਂ ਪਹਿਲਾਂ ਖ਼ੁਦ ਦੇ ਸਰੀਰ ਦੇ ਜੀਵਨਦਾਇਕ ਤੰਤਰ ਨਾਲ ਹਿੰਸਾ ਹੁੰਦੀ ਹੈ। ਇਸ ਲਈ ਰਿਸ਼ੀਆਂ-ਮੁਨੀਆਂ ਨੇ ਇਸ ਤੋਂ ਬਚਣ ਦਾ ਉਪਦੇਸ਼ ਦਿੰਦੇ ਹੋਏ 'ਅਹਿੰਸਾ ਪਰਮੋ ਧਰਮ' ਦਾ ਸੂਤਰ ਵਾਕ ਦਿੱਤਾ। ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਅਹਿੰਸਾ ਦਾ ਰਸਤਾ ਇਸ ਲਈ ਵੀ ਅਪਣਾਇਆ ਕਿ ਇਸ ਨਾਲ ਆਤਮ-ਸ਼ਕਤੀ ਕਮਜ਼ੋਰ ਨਹੀਂ ਹੁੰਦੀ। ਉਹ ਆਜ਼ਾਦੀ ਦਾ ਅੰਦੋਲਨ ਵੀ ਕਰਦੇ ਹਨ ਤਾਂ ਉਸ ਦੇ ਨਾਲ 'ਸਵਿਨਯ ਅਵੱਗਿਆ' ਦਾ ਸ਼ਬਦ ਵੀ ਜੋੜਦੇ ਹਨ। ਇਹੋ ਕੰਮ ਭਗਵਾਨ ਸ੍ਰੀਰਾਮ ਦੇ ਵਕਤ ਅਯੁੱਧਿਆ ਵਾਸੀਆਂ ਨੇ ਵੀ ਕੀਤਾ ਸੀ। ਜਦ ਸ੍ਰੀਰਾਮ ਨੂੰ ਪਿਤਾ ਦਸ਼ਰਥ ਨੇ ਬਣਵਾਸ ਦੇ ਦਿੱਤਾ ਤਾਂ ਅਯੁੱਧਿਆ ਵਾਸੀ ਹਿੰਸਾ ਦੀ ਥਾਂ ਅੰਨ-ਜਲ ਤਿਆਗ ਦਿੰਦੇ ਹਨ। ਅਯੁੱਧਿਆ ਵਿਚ ਕਿਤੇ ਵੀ ਦਸ਼ਰਥ ਦੇ ਫ਼ੈਸਲੇ ਦੇ ਵਿਰੋਧ ਵਿਚ ਹਿੰਸਕ ਘਟਨਾਵਾਂ ਨਹੀਂ ਹੋਈਆਂ। ਜਨਤਾ ਦੇ ਮੂਕ ਵਿਰੋਧ ਨੂੰ ਦਸ਼ਰਥ ਸਹਿ ਨਹੀਂ ਸਕਦੇ। ਭਗਵਾਨ ਕ੍ਰਿਸ਼ਨ ਵੀ ਗੀਤਾ ਦੇ 17ਵੇਂ ਅਧਿਆਏ ਵਿਚ ਬਾਣੀ ਦੇ ਤਪ ਨਾਲ ਅਰਜੁਨ ਨੂੰ ਗਿਆਨ ਦਿੰਦੇ ਹੋਏ ਅਣ-ਸੁਖਾਵੇਂ ਅਤੇ ਮੰਦੇ ਬੋਲਾਂ ਤੋਂ ਬਚਣ ਦੀ ਸਲਾਹ ਦਿੰਦੇ ਹਨ। ਇਸ ਲਈ ਹਰ ਵਿਅਕਤੀ ਨੂੰ ਨਾਂਹ-ਪੱਖੀ ਬਿਰਤੀਆਂ ਤੋਂ ਬਚਣਾ ਚਾਹੀਦਾ ਹੈ।

-ਸਲਿਲ ਪਾਂਡੇ।

Posted By: Sukhdev Singh