ਮਨਪ੍ਰੀਤ ਜਲਪੋਤ, ਤਪਾ ਮੰਡੀ : ਨਾਮਦੇਵ ਰੋਡ 'ਤੇ ਸਥਿਤ ਸਰਬ ਹਿੱਤਕਾਰੀ ਸਕੂਲ ਦੇ ਗੇਟ ਮੂਹਰੇ ਮਾਪਿਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨਾਲ ਮਿਲ ਕੇ ਧਰਨਾ ਲਗਾ ਦਿੱਤਾ ਤੇ ਸਕੂਲ ਸਟਾਫ ਨੂੰ ਬੰਧਕ ਬਣਾ ਲਿਆ। ਧਰਨਾਕਾਰੀਆਂ ਵੱਲੋਂ ਸਕੂਲ ਸਟਾਫ਼ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵੀ ਸਕੂਲ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ।

ਸਕੂਲ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕਰਨ ਉਪਰੰਤ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ ਨੇ ਦੱਸਿਆ ਕਿ ਸਕੂਲ ਵੱਲੋਂ ਹਰੇਕ ਸਾਲ ਦਾਖਲਾ ਫੀਸ ਲੈਣ ਦੇ ਫੈਸਲੇ ਵਿਰੁੱਧ ਦੋ ਦਿਨ ਪਹਿਲਾਂ ਵੀ ਸਕੂਲ ਪ੍ਰਬੰਧਕ ਕਮੇਟੀ ਖ਼ਿਲਾਫ਼ ਮਾਪਿਆਂ ਵੱਲੋਂ ਧਰਨਾ ਦਿੱਤਾ ਗਿਆ ਸੀ ਪਰ ਪ੍ਰਬੰਧਕ ਕਮੇਟੀ ਆਪਣੇ ਫੈਸਲੇ ਤੋਂ ਟੱਸ ਤੋਂ ਮੱਸ ਨਹੀਂ ਹੋਈ।

ਗੁਰਪ੍ਰੀਤ ਸਿੰਘ ਮਰਬੇ, ਸੁਖਵਿੰਦਰ ਮਹਿਤਾ, ਬਲਦੇਵ ਸਿੰਘ, ਅਮਨ ਕੁਮਾਰ, ਰਾਜ ਕੁਮਾਰ ਰਾਜੂ ਆਦਿ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਵਰ੍ਹੇ ਦਾਖ਼ਲਾ ਫੀਸ ਨਹੀਂ ਲਈ ਜਾ ਸਕਦੀ ਅਤੇ ਨਾ ਹੀ ਟਿਊਸ਼ਨ ਫੀਸਾਂ 'ਚ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਡੀਜ਼ਲ ਦੇ ਭਾਅ ਨਹੀਂ ਵਧੇ ਪਰ ਫਿਰ ਵੀ ਸਕੂਲ ਵੱਲੋਂ ਬੱਸ ਕਿਰਾਏ 'ਚ ਕਾਫ਼ੀ ਵਾਧਾ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀ ਦੇ ਅੜੀਅਲ ਵਤੀਰੇ ਕਾਰਨ ਉਨ੍ਹਾਂ ਨੂੰ ਮਜਬੂਰ ਹੋ ਕੇ ਧਰਨਾ ਦੇਣਾ ਪੈ ਰਿਹਾ ਹੈ। ਉਨ੍ਹਾਂ ਸਕੂਲ ਪ੍ਰਬੰਧਕ ਕਮੇਟੀ 'ਤੇ ਇਹ ਵੀ ਦੋਸ਼ ਲਾਇਆ ਕਿ ਨਿਯਮਾਂ ਅਨੁਸਾਰ ਸਕੂਲ ਦੀ ਪ੍ਰਬਧੰਕ ਕਮੇਟੀ ਵਿਚ ਮਾਪਿਆਂ ਦੇ ਪ੍ਰਤੀਨਿਧ ਨਾ ਹੋਣ ਕਾਰਨ ਵਿਦਿਆਰਥੀਆਂ ਲਈ ਸਹੂਲਤਾਂ ਅਤੇ ਸਕੂਲ ਪ੍ਰਬੰਧ ਲਈ ਸੁਝਾਅ ਦੇਣ ਦਾ ਮੌਕਾ ਨਹੀਂ ਦਿੱਤਾ ਜਾਂਦਾ।

ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਦੇ ਮਾਪਿਆਂ 'ਚੋਂ ਹੀ ਕਮੇਟੀ ਮੈਂਬਰ ਲਏ ਜਾਣ ਤਾਂ ਜੋ ਸਕੂਲ ਪ੍ਰਬੰਧਾਂ ਵਿਚ ਸੁਧਾਰ ਆ ਸਕੇ। ਉਨ੍ਹਾਂ ਕਿਹਾ ਕਿ ਜਿੰਨੇ ਵੀ ਸਕੂਲ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਹਨ, ਉਨ੍ਹਾਂ ਦੇ ਬੱਚੇ ਬਾਹਰਲੇ ਕਾਨਵੈਂਟ ਸਕੂਲਾਂ 'ਚ ਪੜ੍ਹਦੇ ਹਨ, ਜਿਸ ਕਾਰਨ ਵਿਦਿਆਰਥੀਆਂ ਦੀਆਂ ਮੁੱਢਲੀਆਂ ਲੋੜਾਂ ਅਤੇ ਸਹੂਲਤਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ।

ਧਰਨੇ ਦੀ ਸੂਚਨਾ ਮਿਲਣ 'ਤੇ ਥਾਣਾ ਤਪਾ ਦੇ ਮੁਖੀ ਜਾਨਪਾਲ ਸਿੰਘ ਹੰਝਰਾ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ। ਸਿੱਖਿਆ ਅਫ਼ਸਰ ਬਰਨਾਲਾ ਮੈਡਮ ਰਾਜਵੰਤ ਕੌਰ ਦੇ ਹੁਕਮਾਂ 'ਤੇ ਧਰਨਾਕਾਰੀਆਂ ਨੂੰ ਸਮਝਾਉਣ ਲਈ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੀ ਪ੍ਰਿੰਸੀਪਲ ਮੈਡਮ ਵਸੁੰਧਰਾ ਕਪਿਲ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਮਾਪਿਆਂ ਅਤੇ ਬੀਕੇਯੂ ਨੂੰ ਭਰੋਸਾ ਦਿਵਾਇਆ ਕਿ ਉਹ ਬੈਠ ਕੇ ਸਕੂਲ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰਨਗੇ, ਜਿਸ ਉਪਰੰਤ ਦੁਪਹਿਰੋਂ ਬਾਅਦ ਧਰਨਾ ਚੁੱਕਿਆ ਗਿਆ। ਬੀਕੇਯੂ ਦੇ ਜਿਲ੍ਹਾ ਮੀਤ ਪ੍ਰਧਾਨ ਦਰਸ਼ਨ ਮਹਿਤਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਕੂਲ ਨੇ ਅਪਣਾ ਅੜੀਅਲ ਵਤੀਰਾ ਨਾ ਛੱਡਿਆ ਤਾਂ ਉਹ ਆਉਂਦੇ ਸੋਮਵਾਰ ਨੂੰ ਮੁੱਖ ਮਾਰਗ 'ਤੇ ਚੱਕਾ ਜਾਮ ਕਰਨਗੇ।