ਅਮਨਦੀਪ ਸਿੰਘ ਮਾਝਾ, ਭਵਾਨੀਗੜ੍ਹ : ਭਵਾਨੀਗੜ੍ਹ-ਸਮਾਣਾ ਮੁੱਖ ਸੜਕ 'ਤੇ ਪਿੰਡ ਬਾਲਦ ਖੁਰਦ ਨੇੜੇ ਇਕ ਬੇਕਾਬੂ ਕੈਂਟਰ ਦਰੱਖਤ ਨਾਲ ਟਕਰਾ ਗਿਆ। ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ 4 ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਪੱਥਰ ਦੀ ਢੋਆ-ਢੁਆਈ ਦਾ ਕੰਮ ਕਰਦੇ ਕਾਲਾ ਪੁੱਤਰ ਬਲਦੇਵ ਸਿੰਘ ਨਿਵਾਸੀ ਗੂਹਲਾ (ਕੈਥਲ) ਨੇ ਦੱਸਿਆ ਕਿ ਉਹ ਬੀਤੀ ਸ਼ਾਮ ਮੇਜਰ ਸਿੰਘ, ਸੱਤਪਾਲ, ਮੇਵਾ ਸਿੰਘ ਅਤੇ ਅਵਤਾਰ ਸਿੰਘ ਸਾਰੇ ਨਿਵਾਸੀ ਗੂਹਲਾ ਸਮੇਤ ਕੈਂਟਰ ਵਿਚ ਪੱਥਰ ਲੋਡ ਕਰ ਕੇ ਸੰਗਰੂਰ ਆਏ ਸਨ। ਗੱਡੀ ਖ਼ਾਲੀ ਕਰ ਕੇ ਵਾਪਸ ਜਾਂਦੇ ਸਮੇਂ ਜਦੋਂ ਭਵਾਨੀਗੜ੍ਹ-ਸਮਾਣਾ ਰੋਡ 'ਤੇ ਪਿੰਡ ਬਾਲਦ ਖੁਰਦ ਨੇੜੇ ਪੁੱਜੇ ਤਾਂ ਉਨ੍ਹਾਂ ਦਾ ਕੈਂਟਰ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਕੇ ਹਾਦਸਾਗ੍ਸਤ ਹੋ ਗਿਆ। ਹਾਦਸੇ ਵਿਚ ਚਾਲਕ ਮੇਜਰ ਸਿੰਘ ਸਮੇਤ ਕੈਂਟਰ 'ਚ ਸਵਾਰ ਕਾਲਾ, ਸੱਤਪਾਲ, ਮੇਵਾ ਸਿੰਘ, ਅਵਤਾਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਭਵਾਨੀਗੜ੍ਹ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਸਾਰੇ ਜਖ਼ਮੀਆਂ ਨੂੰ ਪਟਿਆਲਾ ਲਈ ਰੈਫਰ ਕਰ ਦਿੱਤਾ। ਪਟਿਆਲਾ ਵਿਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਲਾਜ ਦੌਰਾਨ ਅਵਤਾਰ ਸਿੰਘ ਦੀ ਮੌਤ ਹੋ ਗਈ। ਪੁਲਿਸ ਵੱਲੋਂ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।