ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਨੌਜਵਾਨਾਂ ਨੂੰ ਨੌਕਰੀ ਦਿਵਾਉਣ, ਸਮਾਰਟ ਫੋਨ ਦੇਣ ਸਮੇਤ ਕਿਸਾਨਾਂ ਦੇ ਕਰਜ਼ੇ 'ਤੇ ਲੀਕ ਮਾਰਨ ਦੇ ਜੋ ਫ਼ਾਰਮ ਭਰੇ ਗਏ ਸਨ, ਉਹ ਸਾਰੇ ਸਬੂਤ ਵਜੋਂ ਲੈ ਕੇ ਜਲਦੀ ਹੀ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣ ਜਾ ਰਿਹਾ ਹਾਂ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਨੂੰ ਅਲਵਿਦਾ ਆਖ ਅਕਾਲੀ ਦਲ 'ਚ ਸ਼ਾਮਲ ਹੋਏ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੇ ਅਕਾਲੀ-ਭਾਜਪਾ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ 'ਚ ਹੰਡਿਆਇਆ ਬਾਜ਼ਾਰ ਬਰਨਾਲਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਕਾਂਗਰਸ ਸਰਕਾਰ ਦੀ ਵਾਅਦਾ ਖਿਲਾਫ਼ੀ 'ਤੇ ਬੋਲਦਿਆਂ ਜਿੱਥੇ ਉਨ੍ਹਾਂ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ, ਉਥੇ ਹੀ ਢੀਂਡਸਾ ਨੂੰ ਇਕ ਬੇਦਾਗ ਤੇ ਇਮਾਨਦਾਰ ਆਗੂ ਦੱਸਿਆ।

ਆਮ ਆਦਮੀ ਪਾਰਟੀ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਅਤੇ ਸ੍ਰੀ ਗੁਰੂ ਗ੍ੰਥ ਸਾਹਿਬ ਦੀ ਹਜ਼ੂਰੀ ਦੋਵੇਂ ਹੀ ਪਵਿੱਤਰ ਅਸਥਾਨ ਹਨ, ਜਿੱਥੇ ਆਪ ਦਾ ਸੂਬਾ ਪ੍ਰਧਾਨ ਦਾਰੂ ਪੀ ਕੇ ਗਿਆ ਸੀ, ਜਿਸ ਖ਼ਿਲਾਫ਼ ਸਿੱਖ ਸੰਗਤ 'ਚ ਭਾਰੀ ਰੋਸ ਹੈ।