ਸੰਗਰੂਰ : ਜ਼ਿਲ੍ਹੇ ਦੇ ਸੁਨਾਮ ਖੇਤਰ ਦੇ ਪਿੰਡ ਭਗਵਾਨਪੁਰਾ 'ਚ 140 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਣ ਕਾਰਨ ਦੋ ਸਾਲ ਦੇ ਬੱਚੇ ਫਤਹਿਵੀਰ ਦੀ ਮੌਤ 'ਤੇ ਹੰਗਾਮਾ ਮਚਿਆ ਹੋਇਆ ਹੈ ਅਤੇ ਲੋਕ ਸੜਕਾਂ 'ਤੇ ਉੱਤਰੇ ਹੋਏ ਹਨ। ਲੋਕ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਸ ਲਈ ਦੋਸ਼ੀ ਠਹਿਰਾ ਰਹੇ ਹਨ। ਇਸੇ ਦੌਰਾਨ ਇਕ ਹੋਰ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਹ ਲੋਕਾਂ ਦੀ ਜਾਗਰੂਕਤਾ ਅਤੇ ਰਵੱਈਏ 'ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈ। ਫ਼ਤਹਿਵੀਰ ਦਾ ਜਿਸ ਜਗ੍ਹਾ ਅੰਤਿਮ ਸੰਸਕਾਰ ਕੀਤਾ ਗਿਆ ਉਸ ਕੋਲ ਹੀ ਖੁੱਲ੍ਹਾ ਬੋਰਵੈੱਲ ਮਿਲਿਆ। ਇਸ ਬੋਰਵੇੱਲ 'ਤੇ ਫ਼ਤਹਿਵੀਰ ਸਿੰਘ ਦੇ ਪਰਿਵਾਰ ਦੇ ਖੇਤਾਂ ਦੀ ਤਰ੍ਹਾਂ ਬੋਰੀ ਬੱਝੀ ਸੀ।

ਇਸ ਬੋਰਵੈੱਲ 'ਤੇ ਵੀ ਬੱਝੀ ਸੀ ਬੋਰੀ

ਕੋਈ ਹੋਰ ਫ਼ਤਹਿਵੀਰ ਭਵਿੱਖ ਵਿਚ ਖੁੱਲ੍ਹੇ ਬੋਰਵੈੱਲ ਵਿਚਕਾਰ ਡਿੱਗ ਕੇ ਮੌਤ ਦਾ ਸ਼ਿਕਾਰ ਨਾ ਬਣੇ, ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਪ੍ਰਭਾਵ ਨਾਲ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ 24 ਘੰਟੇ 'ਚ ਆਪੋ-ਆਪਣੇ ਜ਼ਿਲ੍ਹੇ 'ਚ ਖੁੱਲ੍ਹੇ ਬੋਰਵੈੱਲ ਬੰਦ ਕਰਵਾਉਣ ਦੀ ਸਖ਼ਤ ਹਦਾਇਤ ਦਿੱਤੀ ਹੈ। ਪ੍ਰਸ਼ਾਸਨ ਦੇ ਨਾਲ-ਨਾਲ ਲੋਕਾਂ ਦੇ ਰਵੱਈਏ ਦਾ ਵੀ ਇੱਥੇ ਖੁਲਾਸਾ ਹੋ ਗਿਆ। ਮੰਗਲਵਾਰ ਨੂੰ ਪਿੰਡ ਸ਼ੇਰੋਂ ਦੇ ਜਿਸ ਸ਼ਮਸ਼ਾਨਘਾਟ 'ਚ ਫ਼ਤਹਿਵੀਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ, ਠੀਕ ਉਸ ਦੇ ਬਾਹਰ ਗੇਟ ਸਾਹਮਣੇ ਹੀ ਖੁੱਲ੍ਹਾ ਬੋਰਵੈੱਲ ਮਿਲਿਆ। ਇੰਨੀ ਵੱਡੀ ਘਟਨਾ ਤੋਂ ਬਾਅਦ ਲੋਕਾਂ ਅਤੇ ਪ੍ਰਸ਼ਾਸਨ ਦੀਆਂ ਅੱਖਾਂ ਨਾ ਖੁੱਲ੍ਹਣਾ ਹੈਰਾਨੀ ਪੈਦਾ ਕਰਦਾ ਹੈ।

ਸ਼ਮਸ਼ਾਨਘਾਟ ਦੇ ਗੇਟ 'ਤੇ ਮਿਲੇ ਬੋਰਵੈੱਲ 'ਤੇ ਵੀ ਫ਼ਤਹਿਵੀਰ ਸਿੰਘ ਦੇ ਪਰਿਵਾਰ ਦੇ ਖੇਤਾਂ 'ਚ ਮੌਜੂਦ ਬੋਰਵੈੱਲ ਵਾਂਗ ਬੋਰੀ ਬੱਝੀ ਮਿਲੀ। ਇਸ ਬੋਰਵੈੱਲ ਦਾ ਲੈਵਲ ਵੀ ਜ਼ਮੀਨ ਤੋਂ ਸਿਰਫ਼ ਕੁਝ ਇੰਚ ਹੀ ਉੱਪਰ ਸੀ, ਜਿਸ ਕਾਰਨ ਕਿਸੇ ਵੀ ਸਮੇਂ ਕੋਈ ਬੱਚਾ ਇਸ ਬੋਰਵੈੱਲ 'ਚ ਡਿੱਗ ਸਕਦਾ ਸੀ।

ਰੋਜ਼ ਦਾ ਲਾਂਘਾ ਹੋਣ ਦੇ ਬਾਵਜੂਦ ਨਹੀਂ ਦਿੱਤਾ ਕਦੀ ਧਿਆਨ

ਇਸ ਜਗ੍ਹਾ ਤੋਂ ਰੋਜ਼ਾਨਾ ਲੋਕ ਆਉਂਦੇ-ਜਾਂਦੇ ਹਨ। 6 ਜੂਨ ਨੂੰ ਫ਼ਤਹਿਵੀਰ ਦੇ ਬੋਰਵੈੱਲ 'ਚ ਡਿੱਗਣ ਤੋਂ ਬਾਅਦ ਵੀ ਲੋਕ ਇੱਥੋਂ ਆਉਂਦੇ-ਜਾਂਦੇ ਰਹੇ ਪਰ ਸਾਰੇ ਖੁੱਲ੍ਹੇ ਬੋਰਵੈੱਲ ਨੂੰ ਦੇਖਣ ਤੋਂ ਬਾਅਦ ਵੀ ਅਣਜਾਣ ਬਣੇ ਰਹੇ। ਇਸ ਤੋਂ ਸਪਸ਼ਟ ਹੈ ਕਿ ਪ੍ਰਸ਼ਾਸਨ, ਪਿੰਡ ਦੀ ਪੰਚਾਇਤ ਅਤੇ ਲੋਕਾਂ ਨੇ ਫ਼ਤਹਿਵੀਰ ਦੇ ਹਾਦਸੇ ਤੋਂ ਕੋਈ ਸਬਕ ਨਹੀਂ ਲਿਆ ਹੈ। ਲੋਕ ਇਸੇ ਬੋਰਵੈੱਲ ਨੇੜਿਓਂ ਲੰਘ ਕੇ ਸ਼ਮਸ਼ਾਨਘਾਟ ਦੇ ਅੰਦਰ ਆਉਂਦੇ-ਜਾਂਦੇ ਹਨ ਪਰ ਇਸ ਉੱਤੇ ਕਿਸੇ ਨੇ ਅੱਜ ਤਕ ਧਿਆਨ ਨਹੀਂ ਦਿੱਤਾ। ਇਸ ਬਾਰੇ ਪੁੱਛਣ 'ਤੇ ਲੋਕਾਂ ਨੇ ਇਸ ਨੂੰ ਪ੍ਰਸ਼ਾਸਨ ਦੀ ਲਾਪਰਵਾਹੀ ਕਰਾਰ ਦਿੱਤਾ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਹੁਣ ਹੋਰ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ।

Posted By: Seema Anand