ਸਰਬਜੀਤ ਸਿੰਘ, ਰੂਪਨਗਰ : ਰੋਪੜ ਸ਼ਹਿਰ ਦੇ ਮੇਨ ਬਜ਼ਾਰ ਵਿਚ ਦੁਕਾਨ 'ਤੇ ਪਿਛਲੀ ਕੰਧ ਤੋੜ ਕੇ ਸੋਨਾ ਤੇ 5 ਹਜ਼ਾਰ ਦੀ ਨਕਦੀ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਚਮਨ ਲਾਲ ਵਰਮਾ ਨੇ ਦੱਸਿਆ ਕਿ ਬੀਤੀ ਰਾਤ 8 ਵਜੇ ਉਹ ਦੁਕਾਨ ਬੰਦ ਕਰ ਕੇ ਘਰ ਚਲੇ ਗਏ ਸਨ।

ਮੰਗਲਵਾਰ ਦੁਪਹਿਰ 2 ਵਜੇ ਜਦੋਂ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਦੁਕਾਨ ਦੀ ਪਿਛਲੀ ਕੰਧ ਵਿਚ ਸੰਨ੍ਹ ਲੱਗੀ ਹੋਈ ਸੀ ਅਤੇ ਦੁਕਾਨ ਦੇ ਗੱਲ੍ਹੇ ਵਿਚ ਪਿਆ 200 ਗ੍ਰਾਮ ਸੋਨਾ (ਕੀਮਤ ਕਰੀਬ 8 ਲੱਖ ਰੁਪਏ) ਤੋਂ ਇਲਾਵਾ ਡੇਢ ਕਿਲੋਂ ਚਾਂਦੀਤੇ 5 ਹਜ਼ਾਰ ਰੁਪਏ ਨਕਦੀ ਗਾਇਬ ਸਨ। ਚੋਰਾਂ ਨੇ ਦੁਕਾਨ ਵਿਚ ਆਉਣ ਸਮੇਂ ਪਹਿਲਾਂ ਸੀਸੀਟੀਵੀ ਕੈਮਰੇ ਦੀ ਤਾਰ ਕੱਢ ਦਿੱਤੀ ਤੇ ਮੋਮਬੱਤੀ ਨਾਲ ਦੁਕਾਨ ਦੀ ਤਲਾਸ਼ੀ ਲਈ। ਚੋਰਾਂ ਨੇ ਲਾਕਰ ਤੋੜਨ ਦੀ ਕੋਸ਼ਿਸ ਕੀਤੀ ਤੇ ਲਾਕਰ ਦਾ ਹੈਂਡਲ ਟੁੱਟਿਆ ਮਿਲਿਆ ਹੈ।

ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਸ ਦੇ ਪੁੱਤਰ ਰਾਜੇਸ਼ ਨੇ ਦਿੱਲੀ ਜਾਣਾ ਸੀ ਅਤੇ ਜਲਦਬਾਜ਼ੀ ਵਿਚ ਉਹ ਸੋਨੇ ਦੀ 1 ਡੱਬੀ ਗੱਲੇ ਵਿਚ ਹੀ ਰੱਖ ਕੇ ਘਰ ਚਲਾ ਗਿਆ ਸੀ। ਇਸ ਚੋਰੀ ਬਾਰੇ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।