ਰੂਪਨਗਰ : ਡਿਪਟੀ ਕਮਿਸ਼ਨਰ ਰੂਪਨਗਰ ਡਾਕਟਰ ਸੁਮਿਤ ਜਾਰੰਗਲ ਨੇ ਦੱਸਿਆ ਕਿ ਰਾਜ ਪੱਧਰ 'ਤੇ ਮਨਾਇਆ ਜਾ ਰਿਹਾ ਗਣਤੰਤਰ ਦਿਵਸ ਪੂਰੀ ਤਰ੍ਹਾਂ ਦੇਸ਼ ਭਗਤੀ ਤੇ ਸੱਭਿਆਚਾਰਕ ਰੰਗ 'ਚ ਰੰਗਿਆ ਹੋਵੇਗਾ। ਨਹਿਰੂ ਖੇਡ ਸਟੇਡੀਅਮ ਰੂਪਨਗਰ ਵਿਖੇ ਰਾਜ ਪੱਧਰੀ ਗਣਤੰਤਰ ਦਿਵਸ ਸਬੰਧੀ ਕਰਵਾਈ ਗਈ ਫੁੱਲ ਡਰੈਸ ਰਿਹਰਸਲ ਦਾ ਜਾਇਜ਼ਾ ਲੈਣ ਉਪਰੰਤ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਇਸ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਜ ਪੱਧਰੀ ਗਣਤੰਤਰ ਦਿਵਸ ਸਬੰਧੀ ਸਮਾਗਮ ਨੂੰ ਸੁਚਾਰੂ ਢੰਗ ਨਾਲ ਮਨਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਜਾਣ ਵਾਲਾ ਪ੍ਰੋਗਰਾਮ ਦੇਸ਼ ਭਗਤੀ ਅਤੇ ਰਾਜ ਦੇ ਅਮੀਰ ਸਭਿਆਚਾਰ 'ਤੇ ਅਧਾਰਿਤ ਹੋਵੇਗਾ ਜੋ ਕਿ ਸਾਡੇ ਦੇਸ਼ ਦਾ ਅਧਾਰ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਵਿਸ਼ੇਸ਼ ਸਮਾਗਮ ਨੂੰ ਪੂਰੇ ਉਤਸ਼ਾਹ ਨਾਲ ਮਨਾਉਣ ਲਈ ਵਚਨਬੱਧ ਹੈ। ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਗੇ ਦੱਸਿਆ ਕਿ ਇਸ ਰਾਜ ਪੱਧਰੀ ਗਣਤੰਤਰ ਦਿਵਸ ਮੌਕੇ ਪੇਸ਼ ਕੀਤੇ ਜਾਣ ਵਾਲੇ ਸ਼ਾਨਦਾਰ ਮਾਰਚ ਪਾਸਟ 'ਚ ਪੰਜਾਬ ਪੁਲਿਸ, ਪੰਜਾਬ ਹੋਮ ਗਾਰਡ, ਸੈਂਟ ਜੋਹਨ ਐਂਬੂਲੈਂਸ, ਐੱਨਸੀਸੀ ਸੀਨੀਅਰ ਤੇ ਜੂਨੀਅਰ, ਸਕੂਲੀ ਬੱਚਿਆਂ ਅਤੇ ਫੌਜ ਦੇ ਸਾਬਕਾ ਸੈਨਿਕਾਂ ਤੇ ਗਰਲਜ਼ ਗਾਈਡਜ਼ ਦੀਆਂ ਟੁਕੜੀਆਂ ਵਲੋਂ ਹਿੱਸਾ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਇਸ ਮੌਕੇ ਪੇਸ਼ ਕੀਤੇ ਜਾਣ ਵਾਲੇ ਸਭਿਆਚਾਰਕ ਪ੍ਰੋਗਰਾਮ 'ਚ ਸ਼ਿਵਾਲਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸਤਲੁਜ ਪਬਲਿਕ ਸਕੂਲ ਰੂਪਨਗਰ, ਐੱਸਕੇਐੱਸ ਅਕੈਡਮੀ ਰੂਪਨਨਗਰ, ਜੂਨੀਅਰ ਇੰਟਰਨੈਸ਼ਨਲ ਪਬਲਿਕ ਸਕੂਲ, ਸ੍ਰੀ ਗੁਰੂ ਰਾਗ ਰਾਏ ਪਬਲਿਕ ਸਕੂਲ ਕੋਟਲੀ ਰੂਪਨਗਰ, ਟਿੱਬਾ ਕਮਲ, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਅਤੇ ਹੋਰ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਤੇ ਰਾਜ ਦੇ ਅਮੀਰ ਸਭਿਆਚਾਰ ਦੇ ਰੰਗ 'ਚ ਰੰਗਿਆ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਐੱਸਐੱਸਪੀ ਰੂਪਨਗਰ ਸਵਪਨ ਸ਼ਰਮਾ ਤੋਂ ਇਲਾਵਾ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ।