ਸਟਾਫ ਰਿਪੋਰਟਰ, ਰੂਪਨਗਰ : ਸਾਈਬਰ ਕੈਫੇ 'ਚ ਇੰਟਰਨੈਟ ਦੀ ਵਰਤੋਂ ਕਰਨ ਵਾਲੇ ਹਰ ਵਿਅਕਤੀ ਦਾ ਰਿਕਾਰਡ ਰੱਖਿਆ ਜਾਵੇ ਅਤੇ ਉਸ ਦੀ ਸ਼ਨਾਖਤ ਉਸ ਦੇ ਸ਼ਨਾਖਤੀ ਕਾਰਡ, ਵੋਟਰ ਕਾਰਡ, ਰਾਸ਼ਨ ਕਾਰਡ, ਡਰਾਈਵਿੰਗ ਲਾਇਸੰਸ, ਪਾਸਪੋਰਟ ਅਤੇ ਫੋਟੋ ਵਾਲੇ ਕਰੈਡਿਟ ਕਾਰਡ ਰਾਹੀਂ ਕੀਤੀ ਜਾਵੇ। ਡਾਕਟਰ ਸੁਮੀਤ ਜਾਰੰਗਲ ਜ਼ਿਲ੍ਹਾ ਮੈਜਿਸਟ੫ੇਟ ਰੂਪਨਗਰ ਨੇ ਧਾਰਾ 144 ਤਹਿਤ ਇਹ ਹੁਕਮ ਜਾਰੀ ਕਰਦੇ ਹੋਏ ਸਾਈਬਰ ਕੈਫੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਰਜਿਸਟਰ 'ਚ ਕੈਫੇ ਦੀ ਵਰਤੋਂ ਕਰਨ ਵਾਲੇ ਹਰ ਵਿਅਕਤੀ ਦਾ ਰਿਕਾਰਡ ਰੱਖਣ ਅਤੇ ਕੈਫੇ ਦੀ ਵਰਤੋਂ ਕਰਨ ਵਾਲਾ ਵਿਅਕਤੀ ਆਪਣੇ ਹੱਥ ਨਾਲ ਆਪਣਾ ਨਾਮ, ਪਤਾ, ਟੈਲੀਫੋਨ ਨੰਬਰ, ਸ਼ਨਾਖਤ ਲਿਖੇ ਅਤੇ ਦਸਤਖਤ ਕਰੇ। ਕੰਪਿਊਟਰ 'ਤੇ ਹੋਣ ਵਾਲੀ ਸਾਰੀ ਕਰਵਾਈ ਮੁੱਖ ਸਰਵਰ 'ਤੇ ਰੱਖੀ ਜਾਵੇ ਅਤੇ ਇਸ ਦਾ ਰਿਕਾਰਡ 6 ਮਹੀਨੇ ਤੱਕ ਰੱਖਿਆ ਜਾਵੇ।

ਦੇਸ਼ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮੈਜਿਸਟ੫ੇਟ ਨੇ ਇਸ ਹੁਕਮ ਰਾਹੀਂ ਸਾਈਬਰ ਕੈਫੇ ਮਾਲਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਦੀ ਕੋਈ ਕਾਰਵਾਈ ਸ਼ੱਕੀ ਮਹਿਸੂਸ ਹੁੰਦੀ ਹੈ, ਤਾਂ ਉਹ ਤਰੁੰਤ ਇਸ ਦੀ ਸੂਚਨਾ ਪੁਲਿਸ ਨੂੰ ਦੇਣ ਅਤੇ ਉਸ ਵਿਅਕਤੀ ਵੱਲੋਂ ਵਰਤੇ ਗਏ ਵਿਸ਼ੇਸ਼ ਕੰਪੀਊਟਰ ਬਾਰੇ ਰਿਕਾਰਡ ਨੂੰ ਸੰਭਾਲ ਕੇ ਰੱਖਣ। ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਅਤੇ 08 ਮਾਰਚ 2019 ਤਕ ਲਾਗੂ ਰਹਿਣਗੇ।