ਨਵਦੀਪ ਢੀਂਗਰਾ, ਪਟਿਆਲਾ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਾਰੀ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਆਰੰਭੇ ਯਤਨਾਂ ਤਹਿਤ ਬੁੱਧਵਾਰ ਰਾਤ ਪੁਲਿਸ ਨੇ 92 ਲੱਖ 50 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਨੇ ਇਹ ਸ਼ੱਕੀ ਨਕਦੀ ਜ਼ਬਤ ਕਰ ਕੇ ਆਮਦਨ ਕਰ ਟੀਮ ਨੂੰ ਮੌਕੇ 'ਤੇ ਬੁਲਾ ਲਿਆ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੂਚਿਤ ਕੀਤਾ।

ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਏਐਸਆਈ ਹਰਿੰਦਰਪਾਲ ਸਿੰਘ ਤੇ ਪੁਲਿਸ ਟੀਮ ਨੇ ਬੁੱਧਵਾਰ ਰਾਤ ਨੂੰ ਨੈਸ਼ਨਲ ਹਾਈਵੇ ਨਰਵਾਣਾਂ ਰੋਡ 'ਤੇ ਪਿੰਡ ਢਾਬੀ ਗੁੱਜਰਾਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਰਾਤ ਕਰੀਬ 9.30 ਵਜੇ ਨਰਵਾਣਾ ਵੱਲੋਂ ਆ ਰਹੀ ਇਕ ਕਾਲੇ ਰੰਗ ਦੀ ਹੁੰਡਈ ਕਰੇਟਾ ਕਾਰ ਨੰਬਰ ਪੀਬੀ 13 ਬੀਸੀ 2797 ਨੂੰ ਰੋਕ ਕੇ ਜਦ ਤਲਾਸ਼ੀ ਲਈ ਗਈ ਤਾਂ ਕਾਰ ਦੀਆਂ ਅਗਲੀਆਂ ਸੀਟਾਂ ਹੇਠੋਂ 92 ਲੱਖ 50 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਬਿਨਾਂ ਕਿਸੇ ਯੋਗ ਦਸਤਾਵੇਜ਼ਾਂ ਦੇ ਵੱਡੀ ਮਾਤਰਾ 'ਚ ਨਕਦੀ ਲੈ ਕੇ ਜਾਣਾ ਚੋਣ ਜ਼ਾਬਤੇ ਦੀ ਉਲੰਘਣਾ ਹੈ।

ਪੁਲਿਸ ਨੇ ਜਦੋਂ ਕਾਰ ਚਾਲਕ ਰਵੀ (23) ਪਿੰਡ ਸ਼ੇਰਗੜ੍ਹ ਅਤੇ ਇਕ ਹੋਰ ਕਾਰ ਸਵਾਰ ਸਚਿਨ (20) ਪੁੱਤਰ ਪਵਨ ਕੁਮਾਰ ਵਾਸੀ ਖਨੌਰੀ ਤੋਂ ਇਸ ਨਕਦੀ ਬਾਰੇ ਪੁੱਛਗਿੱਛ ਕੀਤੀ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਉਨ੍ਹਾਂ ਤੁਰੰਤ ਆਮਦਨ ਕਰ ਵਿਭਾਗ ਦੀ ਟੀਮ ਨੂੰ ਬੁਲਾਇਆ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਸ ਬਾਰੇ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਨਕਦੀ ਜ਼ਬਤ ਕਰ ਲਈ ਗਈ ਹੈ ਅਤੇ ਇਸ ਬਾਰੇ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਨਗ਼ਦੀ ਕਿੱਥੋਂ ਅਤੇ ਕਿਸ ਮੰਤਵ ਲਈ ਲਿਆਂਦੀ ਗਈ ਸੀ।

ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਲੋਕ ਸਭਾ ਹਲਕਾ ਪਟਿਆਲਾ ਦੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਖੇ ਤਾਇਨਾਤ ਸਟੈਟਿਕ ਤੇ ਸਰਵੇਲੈਂਸ ਅਤੇ ਫਲਾਇੰਗ ਸਕਵੈਡ ਦੀਆਂ 9-9 ਟੀਮਾਂ ਪੂਰੀ ਮੁਸ਼ਤੈਦੀ ਨਾਲ ਨਜ਼ਰ ਰੱਖ ਰਹੀਆਂ ਹਨ। ਚੋਣ ਕਮਿਸ਼ਨ ਵੱਲੋਂ ਲਾਗੂ ਕੀਤੇ ਚੋਣ ਜ਼ਾਬਤੇ ਦੀ ਸਖ਼ਤੀ ਪਾਲਣਾ ਨਾਲ ਕਰਨ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ।