ਹਰਿੰਦਰ ਸ਼ਾਰਦਾ, ਪਟਿਆਲਾ : ਪੁਰਾਣਾ ਬਿਸ਼ਨ ਨਗਰ ਸਥਿਤ ਇਕ ਨਿੱਜੀ ਕਲੀਨਿਕ 'ਚ ਡਾਕਟਰ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਹੈ। ਵੀਡੀਓ 'ਚ ਪੀੜਤ ਪਰਿਵਾਰ ਨੇ ਡਾਕਟਰ 'ਤੇ ਦੋਸ਼ ਲਾਏ ਹਨ ਕਿ ਉਸ ਵੱਲੋਂ ਜਿਹੜੀ ਦਵਾਈ ਦਿੱਤੀ ਗਈ, ਉਸ ਨਾਲ ਉਨ੍ਹਾਂ ਦੇ ਬੱਚੇ ਦੀ ਤਬੀਅਤ ਵਿਗੜ ਗਈ। ਇਸ ਦੌਰਾਨ ਡਾਕਟਰ ਤੇ ਪਰਿਵਾਰਕ ਮੈਂਬਰਾਂ ਵਿਚਕਾਰ ਮਾਮਲਾ ਇੰਨਾ ਭਖ ਗਿਆ ਕਿ ਪੀੜਤ ਪਰਿਵਾਰ ਨੇ ਡਾਕਟਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਮਾਮਲੇ ਸਬੰਧੀ ਥਾਣਾ ਲਾਹੌਰੀ ਗੇਟ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਪੁਰਾਣਾ ਬਿਸ਼ਨ ਨਗਰ ਵਿਖੇ ਸਥਿਤ ਇਕ ਨਿੱਜੀ ਕਲੀਨਿਕ 'ਚ ਐਤਵਾਰ ਦੇਰ ਸ਼ਾਮ ਕੁਝ ਵਿਅਕਤੀ ਆਪਣੇ ਬੱਚੇ ਦੀ ਦਵਾਈ ਲੈਣ ਲਈ ਆਏ ਸਨ। ਇਸ ਦੌਰਾਨ ਨਿੱਜੀ ਕਲੀਨਿਕ ਵਿਚ ਬੈਠੇ ਡਾਕਟਰ ਵੱਲੋਂ ਬੱਚੇ ਨੂੰ ਕਥਿਤ ਮਿਆਦ ਪੁੱਗੀ ਦਵਾਈ ਦੇ ਦਿੱਤੀ ਗਈ, ਜਿਸ ਕਾਰਨ ਉਕਤ ਬੱਚੇ ਦੀ ਤਬੀਅਤ ਕੁੱਝ ਸਮੇਂ ਬਾਅਦ ਹੋਰ ਜ਼ਿਆਦਾ ਵਿਗੜ ਗਈ।

ਪਰਿਵਾਰਕ ਮੈਂਬਰ ਤੁਰੰਤ ਦਵਾਈ ਲੈ ਕੇ ਕਲੀਨਿਕ 'ਚ ਪੁੱਜੇ। ਵੀਡੀਓ 'ਚ ਪਰਿਵਾਰਕ ਮੈਂਬਰ ਡਾਕਟਰ 'ਤੇ ਦੋਸ਼ ਲਾ ਰਹੇ ਹਨ ਕਿ ਉਸ ਵੱਲੋਂ ਦਿੱਤੀ ਮਿਆਦ ਪੁੱਗੀ ਦਵਾਈ ਕਾਰਨ ਬੱਚੇ ਦੀ ਤਬੀਅਤ ਹੋਰ ਖ਼ਰਾਬ ਹੋ ਗਈ। ਇਸ ਦੌਰਾਨ ਡਾਕਟਰ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ। ਜਦ ਉਕਤ ਡਾਕਟਰ ਪਰਿਵਾਰਕ ਮੈਂਬਰਾਂ ਤੋਂ ਦਵਾਈ ਦੇਖਣ ਲਈ ਮੰਗਦਾ ਹੈ ਤਾਂ ਪਰਿਵਾਰਕ ਮੈਂਬਰ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੰਦੇ ਹਨ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਲਾਹੌਰੀ ਗੇਟ ਏਐੱਸਆਈ ਸਤਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪੀੜਤ ਪਰਿਵਾਰ ਵੱਲੋਂ ਡਾਕਟਰ ਦੀ ਸ਼ਿਕਾਇਤ ਦਿੱਤੀ ਗਈ ਸੀ। ਉਨ੍ਹਾਂ ਦੋਸ਼ ਲਾਏ ਸਨ ਕਿ ਡਾਕਟਰ ਵੱਲੋਂ ਮਿਆਦ ਪੁੱਗੀ ਦਵਾਈ ਦੇਣ ਕਾਰਨ ਉਨ੍ਹਾਂ ਦੇ ਬੱਚੇ ਦੀ ਤਬੀਅਤ ਵਿਗੜ ਗਈ ਪਰ ਫਿਲਹਾਲ ਬੱਚਾ ਖਤਰੇ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਉਕਤ ਪਰਿਵਾਰ ਤੇ ਡਾਕਟਰ ਵਿਚਾਲੇ ਸਮਝੌਤਾ ਹੋ ਗਿਆ ਹੈ।