ਗੁਰਿੰਦਰਜੀਤ ਸਿੰਘ ਸੋਢੀ, ਨਾਭਾ : ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿਚ ਸਥਾਨਕ ਅਨਾਜ ਮੰਡੀ ਵਿਖੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿਚ ਆਯੋਜਿਤ ਰੈਲੀ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਪਾਕਿਸਤਾਨ ਹੋਵੇ ਜਾਂ ਚੀਨ ਨਰਿੰਦਰ ਮੋਦੀ ਨੇ ਹੋਰਨਾਂ ਦੇਸ਼ਾਂ ਨਾਲ ਦੋਸਤੀ ਨਹੀਂ ਸਗੋਂ ਦੁਸ਼ਮਣੀ ਹੀ ਪਾਈ ਹੈ। ਇਸ ਦੁਸ਼ਮਣੀ ਦਾ ਨਤੀਜਾ ਭਾਰਤ ਤੇ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਵੱਧ ਭੁਗਤਣਾ ਪੈ ਰਿਹਾ ਹੈ। ਕੈਪਟਨ ਨੇ ਕਿਹਾ ਕਿ ਨਰਿੰਦਰ ਮੋਦੀ ਦੇਸ਼ ਦੇ ਲੋਕਾਂ ਵਿਚ ਵੰਡੀਆਂ ਪਾ ਕੇ ਰਾਸ਼ਟਰਵਾਦ ਦੀਆਂ ਗੱਲਾਂ ਕਰਕੇ ਜਨਤਾ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸਦਾ ਜਵਾਬ ਲੋਕ ਇਨਾਂ ਲੋਕ ਸਭਾ ਚੋਣਾਂ ਵਿਚ ਜਰੂਰ ਦੇਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਵਿਚ ਕਿਸਾਨੀ ਦੇ ਹਾਲਾਤਾਂ ਵਿਚ ਸੁਧਾਰ ਲਈ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਨਾ ਸਮੇਂ ਦੀ ਲੋੜ ਹੈ। ਉਨਾਂ ਭੋਰਸਾ ਦਿੱਤਾ ਕਿ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਨਣ 'ਤੇ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਕੇ ਕਿਸਾਨੀ ਨੂੰ ਮੁੜ ਤੋਂ ਖੁਸ਼ਹਾਲੀ ਦੇ ਰਾਹ 'ਤੇ ਪਾਇਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਦੇ ਕਰਜ਼ ਮਾਫ਼ੀ ਦੇ ਕੰਮ ਵਿਚ ਆਉਣ ਵਾਲੇ ਦਿਨਾਂ ਵਿਚ ਪੂਰੀ ਤੇਜ਼ੀ ਲਿਆਂਦੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ 13 ਦੀਆਂ 13 ਸੀਟਾਂ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਅਤੇ ਕਾਂਗਰਸ ਪਾਰਟਂ ਕੇਂਦਰ ਵਿਚ ਰਾਹੁਲ ਗਾਂਧੀ ਦੀ ਅਗਵਾਈ ਵਿਚ ਸਰਕਾਰ ਬਣਾਵੇਗੀ।

ਇਸ ਮੌਕੇ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 19 ਮਈ ਨੂੰ ਵੱਧ ਤੋਂ ਵੱਧ ਚੋਣ ਨਿਸ਼ਾਨ ਪੰਜੇ ਦਾ ਬਟਨ ਦਬਾਕੇ ਪਟਿਆਲਾ ਸੀਟ ਨੂੰ ਕਾਂਗਰਸ ਦੀ ਝੋਲੀ ਵਿਚ ਪਾਉਣ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੁੱਖ ਮੰਤਰੀ ਨੂੰ 'ਜੀ ਆਇਆਂ' ਆਖਦੇ ਹੋਏ ਉਨ੍ਹਾਂ ਨੂੰ ਪੂਰਨ ਵਿਸ਼ਵਾਸ਼ ਦਿਵਾਇਆ ਕਿ ਨਾਭਾ ਹਲਕੇ ਵਿਚੋਂ ਪ੍ਰਨੀਤ ਕੌਰ ਭਾਰੀ ਬਹੁਮਤ ਨਾਲ ਲੀਡ ਪ੍ਰਾਪਤ ਕਰੇਗੀ। ਅੱਜ ਦੀ ਰੈਲੀ ਵਿਚ ਪਿਛਲੇ ਲੰਮੇ ਸਮੇਂ ਤੋਂ ਸ਼ਾਂਤ ਬੈਠੇ ਵਿਧਾਇਕ ਕਾਕਾ ਰਣਦੀਪ ਸਿੰਘ ਅਤੇ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਨਗਰ ਕੀਸਲ ਪ੍ਰਧਾਨ ਰਜਨੀਸ਼ ਸ਼ੈਟੀ, ਮਹੰਤ ਹਰਵਿੰਦਰ ਖਨੌੜਾ, ਬਲਵਿੰਦਰ ਸਿੰਘ ਬਿੱਟੂ, ਅਮਰਦੀਪ ਸਿੰਘ ਖੰਨਾ, ਗੌਤਮ ਬਾਤਿਸ਼, ਚਰਨਜੀਤ ਬਾਤਿਸ਼,ਜਗਜੀਤ ਸਿੰਘ ਦੁਲੱਦੀ,ਪਰਮਜੀਤ ਸਿੰਘ ਕਲੱਰਮਾਜਰੀ, ਗੁਰਬਖਸ਼ੀਸ਼ ਸਿੰਘ ਭੱਟੀ, ਕੌਂਸਲਰ ਦਲੀਪ ਬਿੱਟ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।

Posted By: Jagjit Singh