ਗਿੱਦੜਬਾਹਾ : ਧੀ ਦੇ ਚਰਿੱਤਰ 'ਤੇ ਸ਼ੱਕ ਨੇ ਇਕ ਪਿਓ ਨੂੰ ਆਪਣੀ ਲਾਡਲੀ ਦਾ ਕਾਤਲ ਬਣਾ ਦਿੱਤਾ। ਸ਼ੱਕ ਕਾਰਨ ਪਿਓ ਨੇ ਆਪਣੀ ਨੂੰਹ ਤੇ ਉਸ ਦੇ ਪਰਿਵਾਰ ਨਾਲ ਮਿਲ ਕੇ ਆਪਣੀ ਧੀ ਦੀ ਹੱਤਿਆ ਕਰ ਦਿੱਤੀ। ਏਨਾ ਹੀ ਨਹੀਂ ਰਾਤ ਨੂੰ ਸਸਕਾਰ ਕਰਕੇ ਉਸ ਦੀ ਲਾਸ਼ ਵੀ ਖ਼ੁਰਦ-ਬੁਰਦ ਕਰ ਦਿੱਤੀ। ਮਿ੍ਤਕ ਕੁੜੀ ਦੇ ਮਾਮੇ ਦੇ ਬਿਆਨਾਂ 'ਤੇ ਥਾਣਾ ਕੋਟਭਾਈ ਦੀ ਪੁਲਿਸ ਨੇ ਹੱਤਿਆ ਤੇ ਲਾਸ਼ ਖ਼ੁਰਦ-ਬੁਰਦ ਕਰਨ ਦੇ ਮਾਮਲੇ 'ਚ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮ੍ਰਿਤਕਾਂ ਦੇ ਮਾਮੇ ਗੁਰਤੇਜ ਸਿੰਘ ਵਾਸੀ ਬੰਬੀਹਾ ਨੇ ਦੱਸਿਆ ਕਿ ਉਸ ਦੀ ਭੈਣ ਰਛਪਿੰਦਰ ਕੌਰ ਦਾ ਵਿਆਹ ਕਰੀਬ 27 ਸਾਲ ਪਹਿਲਾਂ ਕੋਠੇ ਦੁਲਜੇ ਵਾਲੇ (ਕੋਟਲੀ) ਵਾਸੀ ਸ਼ਮਿੰਦਰ ਸਿੰਘ ਨਾਲ ਹੋਇਆ ਸੀ। ਉਸ ਦੇ ਪੁੱਤਰ ਖੁਸ਼ਦੀਪ ਸਿੰਘ ਅਤੇ ਧੀ ਸੁਮਨਦੀਪ ਕੌਰ ਨੇ ਜਨਮ ਲਿਆ। ਪੁੱਤਰ ਖੁਸ਼ਦੀਪ ਸਿੰਘ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਜਦਕਿ ਧੀ ਅਜੇ ਅਣਵਿਆਹੀ ਸੀ। ਵਿਆਹ ਤੋਂ ਬਾਅਦ ਹੀ ਸ਼ਮਿੰਦਰ ਸਿੰਘ ਦਾ ਉਸ ਦੀ ਭੈਣ ਨਾਲ ਝਗੜਾ ਰਹਿੰਦਾ ਸੀ, ਜਿਸ ਤੋਂ ਬਾਅਦ ਉਸ ਦੀ ਭੈਣ ਵੱਖ ਰਹਿਣ ਲੱਗੀ ਸੀ।

ਕਰੀਬ ਹਫ਼ਤਾ ਪਹਿਲਾਂ ਹੀ ਉਸ ਦੀ ਭਾਣਜੀ ਸੁਮਨਦੀਪ ਕੌਰ ਦੀ ਮੌਤ ਹੋ ਗਈ ਹੈ। ਮੌਤ ਤੋਂ ਬਾਅਦ ਜਦ ਉਹ ਪਿੰਡ ਪੁੱਜੇ ਤਾਂ ਸ਼ਮਿੰਦਰ ਸਿੰਘ ਨੇ ਉਸ ਦਾ ਸਸਕਾਰ ਕਰ ਦਿੱਤਾ ਅਤੇ ਉਨ੍ਹਾਂ ਦੇ ਪੁੱਛਣ 'ਤੇ ਕਿਹਾ ਕਿ ਸੁਮਨਦੀਪ ਕੌਰ ਨੂੰ ਸਵਾਈਨ ਫਲੂ ਹੋਇਆ ਸੀ, ਜਿਸ ਕਾਰਨ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ, ਉੱਥੇ ਹੀ ਸੁਮਨਦੀਪ ਕੌਰ ਮੌਤ ਹੋ ਗਈ। ਉਨ੍ਹਾਂ ਬਠਿੰਡਾ ਹਸਪਤਾਲ 'ਚ ਪੁੱਜ ਕੀਤੀ ਤਾਂ ਪਤਾ ਲੱਗਾ ਕਿ ਅਜਿਹਾ ਕੋਈ ਕੇਸ ਨਹੀਂ ਆਇਆ। ਇਸ ਤੋਂ ਬਾਅਦ ਉਨ੍ਹਾਂ ਸ਼ਮਿੰਦਰ ਤੋਂ ਪੁੱਛਿਆ ਤਾਂ ਉਸ ਨੇ ਮੰਨਿਆ ਕਿ ਉਹ ਸੁਮਨਦੀਪ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ ਤੇ ਉਸ ਨੇ ਹੀ ਆਪਣੀ ਧੀ ਨੂੰ ਮਰਵਾਇਆ ਹੈ। ਗੁਰਤੇਜ ਸਿੰਘ ਨੇ ਸ਼ੱਕ ਜ਼ਾਹਰ ਕੀਤਾ ਕਿ ਸ਼ਮਿੰਦਰ ਸਿੰਘ ਦੇ ਆਪਣੀ ਹੀ ਨੂੰਹ ਨਾਲ ਨਾਜਾਇਜ਼ ਸਬੰਧ ਸਨ ਜਿਸ ਦਾ ਪਤਾ ਉਸ ਦੀ ਭਾਣਜੀ ਨੂੰ ਲੱਗ ਗਿਆ ਜਿਸ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਓਧਰ ਥਾਣਾ ਕੋਟਭਾਈ ਦੀ ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਕਰਦਿਆਂ ਗੁਰਤੇਜ ਸਿੰਘ ਵਾਸੀ ਪਿੰਡ ਬੰਬੀਹਾ ਦੇ ਬਿਆਨਾਂ 'ਤੇ ਸ਼ਮਿੰਦਰ ਸਿੰਘ ਪੁੱਤਰ ਕਰਤਾਰ ਸਿੰਘ, ਵੀਰਪਾਲ ਕੌਰ ਪਤਨੀ ਖੁਸ਼ਦੀਪ ਸਿੰਘ ਵਾਸ ਕੋਠੇ ਦੁਲਜੇ ਵਾਲੇ ਕੋਟਲੀ, ਕੁਲਵੀਰ ਸਿੰਘ ਉਰਫ਼ ਕੀਰਾ, ਗੁਰਦੀਪ ਸਿੰਘ, ਬਲਜੀਤ ਸਿੰਘ ਉਰਫ਼ ਬੱਲੀ ਵਾਸੀ ਪਿੰਡ ਸੁਖਨਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਅਜੇ ਪੁਲਿਸ ਦੀ ਗਿ੍ਫ਼ਤ 'ਚੋਂ ਬਾਹਰ ਦੱਸੇ ਜਾ ਰਹੇ ਹਨ।