ਐੱਨਐੱਸ ਲਾਲੀ, ਕੋਟ ਈਸੇ ਖਾਂ : ਸਥਾਨਕ ਇਲਾਕੇ ਵਿਚ ਸਰਕਾਰੀ ਕਣਕ ਦੇ ਗੋਦਾਮਾਂ 'ਚ ਸਮੇਂ-ਸਮੇਂ 'ਤੇ ਵੱਡੇ ਪੱਧਰ 'ਤੇ ਕਣਕ ਚੋਰੀ ਦੀਆਂ ਘਟਨਾਵਾਂ ਨੂੰ ਅਣਪਛਾਤੇ ਚੋਰਾਂ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਜੋ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਜਿਹੀ ਇਕ ਹੋਰ ਘਟਨਾ ਨੂੰ ਅੰਜਾਮ ਦਿੰਦਿਆਂ ਸਥਾਨਕ ਮਸੀਤਾਂ ਰੋਡ 'ਤੇ ਸਥਿਤ ਵੇਅਰ ਹਾਊਸ ਦੇ ਗੋਦਾਮ ਵਿਚੋਂ ਬੀਤੇ ਬੁੱਧਵਾਰ ਦੀ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ ਚੌਕੀਦਾਰ ਨੂੰ ਕਮਰੇ ਵਿਚ ਬੰਧਕ ਬਣਾ ਕਣਕ ਦੇ ਗੱਟੇ ਚੋਰੀ ਕਰ ਲਏ।

ਚੋਰੀ ਦੀ ਘਟਨਾ ਸਬੰਧੀ ਗੋਦਾਮ ਦੇ ਮੈਨੇਜਰ ਇੰਸਪੈਕਟਰ ਗਗਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਰ ਰਾਤ 12 ਵਜੇ ਦੇ ਕਰੀਬ ਅਣਪਛਾਤੇ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਇਸ ਗੋਦਾਮ ਵਿਚ 3400 ਦੇ ਕਰੀਬ ਕਣਕ ਦੇ ਗੱਟੇ ਸਟੋਰ ਕੀਤੇ ਹੋਏ ਹਨ ਅਤੇ ਚੋਰੀ ਹੋਏ ਗੱਟਿਆਂ ਦੀ ਅਜੇ ਗਿਣਤੀ ਕਰਵਾਈ ਜਾ ਰਹੀ ਹੈ, ਪਰ ਅੰਦਾਜ਼ਾ ਹੈ ਕਿ 550 ਦੇ ਕਰੀਬ ਕਣਕ ਦੇ ਗੱਟੇ ਘੱਟ ਹਨ। ਵੇਅਰ ਹਾਊਸ ਗੋਦਾਮ ਦੇ ਪ੍ਰਬੰਧਕਾਂ ਵੱਲੋਂ ਚੋਰੀ ਦੀ ਘਟਨਾ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ।

Posted By: Sarabjeet Kaur