ਲਖਵੀਰ ਸਿੰਘ/ਵਕੀਲ ਮਹਿਰੋਂ, ਮੋਗਾ : ਭਾਵੇਂ ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਨਸ਼ਾ ਖ਼ਤਮ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਪੰਜਾਬ 'ਚ ਨਸ਼ੇ ਦਾ ਦਰਿਆ ਉਸੇ ਤਰ੍ਹਾਂ ਹੀ ਵਹਿੰਦਾ ਦਿਖਾਈ ਦੇ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਉਸ ਮੌਕੇ ਸਾਹਮਣੇ ਆਈ ਜਦੋਂ ਮੋਗਾ ਵਿਖੇ ਇਕ 17 ਸਾਲ ਦੀ ਨਾਬਾਲਿਗ ਲੜਕੀ ਨੂੰ ਚਿੱਟੇ ਦੀ ਲਤ ਲੱਗ ਗਈ ਤੇ ਹੁਣ ਉਸ ਨੇ ਇਸ ਲਤ 'ਚੋਂ ਬਾਹਰ ਨਿਕਲਣ ਲਈ ਸਤਿਕਾਰ ਕਮੇਟੀ ਨਾਲ ਸੰਪਰਕ ਕੀਤਾ। ਜਿਥੇ ਸਤਿਕਾਰ ਕਮੇਟੀ ਦੇ ਸੇਵਾਦਾਰਾਂ ਨੇ ਉਸ ਲੜਕੀ ਨੂੰ ਨਾਲ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਐੱਸਪੀ (ਐੱਚ) ਮੋਗਾ ਪਾਸ ਪੁੱਜੇ। ਜਿੱਥੇ ਲੜਕੀ ਵੱਲੋਂ ਆਪਣੀ ਆਪ ਬੀਤੀ ਪੁਲਿਸ ਪ੍ਰਸ਼ਾਸਨ ਨੂੰ ਦੱਸੀ। ਓਥੇ ਹੀ ਐੱਸਪੀ (ਐੱਚ) ਨੇ ਮਾਮਲੇ ਦੀ ਜਾਂਚ ਕਰਨ ਤੇ ਲੜਕੀ ਨੂੰ ਨਸ਼ਾ ਛੁਡਾਓ ਕੇਂਦਰ ਭੇਜਣ ਦੀ ਗੱਲ ਆਖੀ ਹੈ। ਇਸ ਮੌਕੇ ਪੀੜਤ ਲੜਕੀ ਨੇ ਦੱਸਿਆ ਕੀ ਉਹ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਲੰਬੇ ਸਮੇਂ ਤੋਂ ਉਹ ਮੋਗਾ ਦੇ ਗੋਧੇਵਾਲਾ ਨੇੜੇ ਰਹਿੰਦੀ ਹੈ। ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਹੋਰ ਕੋਈ ਨਹੀਂ ਹੈ। ਲੜਕੀ ਨੇ ਦੱਸਿਆ ਕਿ 12 ਸਾਲ ਦੀ ਉਮਰ ਵਿਚ ਉਸ ਦੀ ਦੋਸਤ ਨੇ ਉਸ ਨੂੰ ਨਸ਼ੇ ਦੀ ਲਤ ਲਵਾ ਦਿੱਤੀ ਅਤੇ ਉਹ ਆਪਣੀ ਲੋੜ ਪੂਰੀ ਕਰਨ ਲਈ ਬਿਊਟੀ ਪਾਰਲਰ ਤੇ ਹੋਰ ਥਾਂ ਕੰਮ ਕਰਨ ਲੱਗੀ, ਉਸ ਨੇ ਦੱਸਿਆ ਕੀ ਉਸਨੂੰ ਨਸ਼ਾ ਬਹੁਤ ਆਸਾਨੀ ਨਾਲ ਮਿਲ ਜਾਂਦਾ ਸੀ ਪਰ ਹੁਣ ਉਸ ਨੇ ਨਸ਼ਾ ਛੱਡਣ ਦਾ ਸੋਚਿਆ ਤੇ ਸਤਿਕਾਰ ਕਮੇਟੀ ਨਾਲ ਸੰਪਰਕ ਕੀਤਾ। ਇਸ ਮੌਕੇ ਸਤਿਕਾਰ ਕਮੇਟੀ ਦੇ ਮੈਂਬਰ ਰਾਜਾ ਸਿੰਘ, ਬਾਬਾ ਅਰਸ਼ਦੀਪ ਸਿੰਘ, ਸਰਪੰਚ ਸੁਖਜਿੰਦਰ ਸਿੰਘ, ਸਤਪਾਲ ਸਿੰਘ, ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਇਕ ਲੜਕੀ ਨੂੰ ਨਸ਼ੇ ਦੀ ਦਲਦਲ 'ਚੋਂ ਬਚਾਉਣ ਲਈ ਇਲਾਜ ਵਾਸਤੇ ਹਸਪਤਾਲ ਪਹੁੰਚਾਇਆ ਸੀ। ਜਿਸ ਦੀ ਵੀਡੀਓ ਵਾਇਰਲ ਹੋਣ ਕਰਕੇ ਇਸ ਲੜਕੀ ਨੇ ਵੀ ਨਸ਼ਾ ਛੱਡਣ ਲਈ ਸਤਿਕਾਰ ਕਮੇਟੀ ਦੇ ਸੇਵਾਦਾਰਾਂ ਨਾਲ ਸੰਪਰਕ ਕੀਤਾ। ਜਿਸ 'ਤੇ ਸਤਿਕਾਰ ਕਮੇਟੀ ਮੈਂਬਰਾਂ ਨੇ ਇਹ ਮਾਮਲਾ ਪੁਲਿਸ ਪ੍ਰਸਾਸ਼ਨ ਦੇ ਧਿਆਨ ਵਿੱਚ ਲਿਆਉਣ ਉਪਰੰਤ ਲੜਕੀ ਨੂੰ ਸਿਵਲ ਹਸਪਤਾਲ ਪਹੁੰਚਾਇਆ। ਇਸ ਮੌਕੇ ਸਮੂਹ ਕਮੇਟੀ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁਲਿਸ ਜਲਦੀ ਤੋਂ ਜਲਦੀ ਨਸ਼ੇ ਦੇ ਸੁਦਾਗਰਾਂ ਤੇ ਲਗਾਮ ਕੱਸੇ ਜਿਸ ਨਾਲ ਪੰਜਾਬ ਵਿਚੋਂ ਨਸ਼ੇ ਦਾ ਖ਼ਾਤਮਾ ਹੋ ਸਕੇ ਤੇ ਕਿਸੇ ਦਾ ਵੀ ਘਰ ਬਰਬਾਦ ਨਾ ਹੋਵੇ।

ਕੀ ਕਹਿਣਾ ਹੈ ਐੱਸਪੀਐੱਚ ਦਾ : ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸਪੀ (ਐੱਚ) ਰਤਨ ਸਿੰਘ ਬਰਾੜ ਨੇ ਦੱਸਿਆ ਕਿ ਸਤਿਕਾਰ ਕਮੇਟੀ ਵੱਲੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਉਨ੍ਹਾਂ ਨੇ ਡੀਐੱਸਪੀ ਦੀ ਡਿਊਟੀ ਲਗਾ ਦਿੱਤੀ ਹੈ। ਪਹਿਲਾਂ ਲੜਕੀ ਨੂੰ ਸੁਰੱਖਿਅਤ ਥਾਂ 'ਤੇ ਭੇਜਿਆ ਜਾਵੇਗਾ ਅਤੇ ਲੜਕੀ ਨੂੰ ਇਨਸਾਫ ਦੁਆਉਣ ਲਈ ਨਸ਼ਾ ਵੇਚਣ ਵਾਲਿਆਂ 'ਤੇ ਜਲਦੀ ਹੀ ਕਾਰਵਾਈ ਹੋਵੇਗੀ। ਉਧਰ ਸਿਵਲ ਹਸਪਤਾਲ ਵਿਚ ਪੁੱਜੇ ਡੀਐੱਸਪੀ ਸਿਟੀ ਪਰਮਜੀਤ ਸਿੰਘ ਨੇ ਕਿਹਾ ਕਿ ਲੜਕੀ ਦਾ ਸਿਵਲ ਹਸਪਤਾਲ 'ਚੋਂ ਮੈਡੀਕਲ ਕਰਵਾਇਆ ਜਾ ਰਿਹਾ ਤੇ ਲੜਕੀ ਦਾ ਇਲਾਜ ਕਰਾਇਆ ਜਾਵੇਗਾ। ਲੜਕੀ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੀੜਤ ਲੜਕੀ ਜੋ ਵੀ ਬਿਆਨ ਲਿਖਾਵੇਗੀ, ਉਸ ਮੁਤਾਬਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਉਸ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ।

Posted By: Sarabjeet Kaur