ਆਸ਼ਾ ਮਹਿਤਾ, ਲੁਧਿਆਣਾ : ਹਾਲੇ ਤਕ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਲਾਲ ਤੇ ਸਫੇਦ ਰੰਗ ਦੇ ਪਿਆਜ਼ ਦਾ ਸੁਆਦ ਹੀ ਲਿਆ ਹੋਵੇਗਾ ਜਦਕਿ ਲੋਕ ਹੁਣ ਪੀਲੇ ਰੰਗ ਦੇ ਪਿਆਜ਼ ਦਾ ਸੁਆਦ ਵੀ ਲੈਣਗੇ। ਪੰਜਾਬ ਖੇਤੀ ਯੂਨੀਵਰਸਿਟੀ ਦੇ ਵਿਗਿਆਨਕਾਂ ਨੇ 12 ਵਰਿ੍ਹਆਂ ਦੀ ਖੋਜ ਮਗਰੋਂ ਪੀਲੇ ਰੰਗ ਦੀ ਪਿਆਜ਼ ਦੀ ਕਿਸਮ ਤਿਆਰ ਕੀਤੀ ਹੈ।

ਪੀਏਯੂ ਦੇ ਸਬਜ਼ੀ ਵਿਭਾਗ ਦੇ ਮੁਖੀ ਡਾ. ਅਜਮੇਰ ਸਿੰਘ ਢੱਟ ਵੱਲੋਂ ਤਿਆਰ ਕੀਤੀ ਗਈ ਇਸ ਵੰਨਗੀ ਨੂੰ ਪੰਜਾਬ ਯੈਲੋ ਓਨੀਅਨ ਵੰਨ (ਪੀਵਾਈਓ ਵੰਨ) ਦਾ ਨਾਂ ਦਿੱਤਾ ਗਿਆ ਹੈ।

ਖੋਜ ਕਰਤਾ ਡਾ. ਅਜਮੇਰ ਸਿੰਘ ਮੁਤਾਬਕ ਇਹ ਵੰਨਗੀ ਕਿਸਾਨਾਂ ਲਈ ਬਹੁਤ ਲਾਭਦਾਇਕ ਹੋਵੇਗੀ। ਪੀਲੇ ਰੰਗ ਦੇ ਪਿਆਜ਼ ਦੀ ਵਿਦੇਸ਼ ਵਿਚ ਬਹੁਤ ਮੰਗ ਹੈ। ਯੂਰਪੀਅਨ, ਅਮਰੀਕਨ ਤੇ ਪੱਛਮੀ ਏਸ਼ੀਆਈ ਮੁਲਕਾਂ ਵਿਚ ਪੀਲੇ ਰੰਗ ਦਾ ਪਿਆਜ਼ ਬਹੁਤ ਪਸੰਦ ਕੀਤਾ ਜਾਂਦਾ ਹੈ। ਭਾਰਤ ਤੋਂ ਫਿਲਹਾਲ ਲਾਲ ਰੰਗ ਦਾ ਪਿਆਜ਼ ਬਾਹਰ ਭੇਜਿਆ ਜਾ ਰਿਹਾ ਹੈ।

ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਤੇ ਅਰਬੀ ਮੁਲਕਾਂ ਵਿਚ ਕਰੀਬਨ 4000 ਕਰੋੜ ਦਾ ਪਿਆਜ਼ ਬਾਹਰ ਭੇਜਿਆ ਜਾ ਰਿਹਾ ਹੈ। ਪਿਆਜ਼ ਬਰਾਮਦ ਦੇ ਮਾਮਲੇ ਵਿਚ ਭਾਰਤ ਦੂਜੇ ਨੰਬਰ 'ਤੇ ਹੈ। ਕਿਸਾਨ ਜੇ ਪੰਜਾਬ ਯੈਲੋ ਓਨੀਅਨ ਵੰਨ ਲਾਉਣ ਤਾਂ ਬਾਹਰ ਭੇਜਣ ਦਾ ਕੰਮ ਵਧਾਇਆ ਜਾ ਸਕਦਾ ਹੈ।

ਮੁਲਕ 'ਚ ਕਿਤੇ ਵੀ ਲਾਈ ਜਾ ਸਕਦੀ ਹੈ ਇਹ ਵੰਨਗੀ

ਡਾ. ਅਜਮੇਰ ਸਿੰਘ ਮੁਤਾਬਕ ਪੀਵਾਈਓ ਵੰਨ ਨੂੰ ਰਬੀ ਸੀਜ਼ਨ ਵਿਚ ਮੁਲਕ ਦੇ ਕਿਸੇ ਵੀ ਹਿੱਸੇ ਵਿਚ ਉਗਾਇਆ ਜਾ ਸਕਦਾ ਹੈ। ਇਹ ਕਿਸਮ ਟ੍ਾਂਸਪਲਾਂਟਿੰਗ ਤੋਂ ਲੈ ਕੇ ਹਾਰਵੈਸਟਿੰਗ ਵਿਚ 141 ਦਿਨਾਂ ਦਾ ਵਕਤ ਲੈਂਦੀ ਹੈ। ਇਹ ਬੇਹੱਦ ਉਮਦਾ ਵੰਨਗੀ ਹੈ, ਇਹਦੇ ਉਤਪਾਦਨ ਦੀ ਗੱਲ ਕਰੀਏ ਤਾਂ ਪ੍ਰਤੀ ਏਕੜ 164 ਕੁਇੰਟਲ ਪਿਆਜ਼ ਦਾ ਉਤਪਾਦਨ ਕੀਤਾ ਜਾ ਸਕਦਾ ਹੈ। ਇਸ ਦੀ ਸਟੋਰੇਜ ਕੁਆਲਟੀ ਬੇਹੱਦ ਵਧੀਆ ਹੈ। ਇਸ ਨੂੰ ਤਿੰਨ ਤੋਂ ਚਾਰ ਮਹੀਨਿਆਂ ਤਕ ਭੰਡਾਰਨ ਕੀਤਾ ਜਾ ਸਕਦਾ ਹੈ ਜਦਕਿ ਦਰਾਮਦ ਕੀਤਾ ਪੀਲਾ ਪਿਆਜ਼ ਸਿਰਫ਼ ਇਕ ਤੋਂ ਡੇਢ ਮਹੀਨੇ ਤਕ ਹੀ ਭੰਡਾਰ ਕੀਤਾ ਜਾ ਸਕਦਾ ਹੈ।

ਅਕਤੂਬਰ 'ਚ ਮਿਲਣਗੇ ਬੀਜ

ਡਾ. ਅਜਮੇਰ ਸਿੰਘ ਮੁਤਾਬਕ ਪੀਵਾਈਓ ਵੰਨ ਦਾ ਬੀਜ ਕਿਸਾਨਾਂ ਨੂੰ ਅਕਤੂਬਰ ਵਿਚ ਦਿੱਤਾ ਜਾਵੇਗਾ। ਬੀਜ ਲਈ ਕਿਸਾਨ ਪੀਏਯੂ ਸਥਿਤ ਬੀਜ ਕੇਂਦਰ ਤੋਂ ਇਲਾਵਾ ਵੱਖ-ਵੱਖ ਜ਼ਿਲਿ੍ਹਆਂ ਵਿਚ ਸਥਿਤ ਖੇਤੀ ਵਿਗਿਆਨ ਕੇਂਦਰਾਂ ਤੋਂ ਪ੍ਰਾਪਤ ਕਰ ਸਕਦੇ ਹਨ। ਪੀਏਯੂ ਵੱਲੋਂ ਢੁਕਵੇਂ ਬੀਜ ਤਿਆਰ ਕੀਤਾ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕ ਇਸ ਕਿਸਮ ਦੇ ਪਿਆਜ਼ ਵਿਚ ਸਲਕਰ ਵੈਸਟ ਕੰਪਾਉਂਡ ਤੇ ਪਿਰੂਵਿਕ ਐਸਿਡ ਵੀ ਹੈ ਜੋ ਕਿ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਸਮਰੱਥਾ ਦਿੰਦਾ ਹੈ। ਇਹ ਕਈ ਫੰਗਲ ਤੇ ਹੋਰ ਹਮਲਿਆਂ ਤੋਂ ਬਚਾਉਂਦਾ ਹੈ। ਲਾਲ ਤੇ ਸਫੇਦ ਰੰਗ ਦੇ ਪਿਆਜ਼ ਵਿਚ ਵੀ ਇਹ ਤੱਤ ਹੁੰਦੇ ਹਨ।