ਲੁਧਿਆਣਾ : ਢੰਡਾਰੀ ਕਲਾਂ ਦੇ ਪ੍ਰੇਮ ਨਗਰ ਇਲਾਕੇ 'ਚ ਇਕ ਨੌਜਵਾਨ ਅਤੇ ਇਕ ਲੜਕੀ ਨੇ ਵੱਖ-ਵੱਖ ਥਾਈਂ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਕੰਮ ਨਹੀਂ ਮਿਲ ਰਿਹਾ ਸੀ, ਜਦਕਿ ਲੜਕੀ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ।

ਜਾਣਕਾਰੀ ਅਨੁਸਾਰ ਪ੍ਰਰੇਮ ਨਗਰ ਇਲਾਕੇ ਵਿਚ ਰਹਿਣ ਵਾਲਾ ਦੀਪਕ ਕੁਮਾਰ (26) ਇਕ ਨਿੱਜੀ ਫੈਕਟਰੀ ਵਿਚ ਕੰਮ ਕਰਦਾ ਸੀ। ਪੰਜ ਭਰਾਵਾਂ 'ਚੋਂ ਦੀਪਕ ਤੀਜੇ ਨੰਬਰ 'ਤੇ ਸੀ ਤੇ ਪਰਿਵਾਰ ਦੀ ਜ਼ਿੰਮੇਵਾਰੀ ਉਸ 'ਤੇ ਸੀ। ਕੁਝ ਦਿਨਾਂ ਤੋਂ ਉਸ ਦਾ ਕੰਮ ਚੰਗਾ ਨਹੀਂ ਸੀ ਚੱਲ ਰਿਹਾ, ਜਿਸ ਕਾਰਨ ਉਹ ਪਰੇਸ਼ਾਨ ਸੀ। ਬੁੱਧਵਾਰ ਰਾਤ ਖਾਣਾ ਖਾਹ ਕੇ ਸੌਣ ਲਈ ਉਹ ਆਪਣੇ ਕਮਰੇ ਵਿਚ ਚਲਾ ਗਿਆ। ਵੀਰਵਾਰ ਸਵੇਰੇ ਜਦ ਪਰਿਵਾਰਕ ਮੈਂਬਰ ਉਸ ਦੇ ਕਮਰੇ ਵਿਚ ਗਏ ਤਾਂ ਉਨ੍ਹਾਂ ਦੇਖਿਆ ਕਿ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਸੂਚਨਾ ਮਿਲਣ ਦੇ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਪੋਸਟਮਾਰਟਮ ਲਈ ਭੇਜੀ।

ਇਸੇ ਇਲਾਕੇ ਵਿਚ ਰਹਿਣ ਵਾਲੀ 16 ਸਾਲਾ ਲੜਕੀ ਖੁਸ਼ਬੂ ਨੇ ਵੀਰਵਾਰ ਸਵੇਰੇ ਆਪਣੇ ਘਰ 'ਚ ਫਾਹਾ ਲੈ ਲਿਆ। ਉਹ ਪਿਛਲੇ ਕੁਝ ਦਿਨਾਂ ਤੋਂ ਪਰੇਸ਼ਾਨ ਸੀ। ਵੀਰਵਾਰ ਨੂੰ ਉਸ ਦੇ ਮਾਤਾ-ਪਿਤਾ ਕੰਮ ਤੋਂ ਬਾਹਰ ਗਏ ਸਨ ਕਿ ਪਿੱਛੋਂ ਖੁਸ਼ਬੂ ਨੇ ਘਰ 'ਚ ਫਾਹਾ ਲੈ ਲਿਆ। ਜਦ ਦੁਪਹਿਰ ਨੂੰ ਮਾਪੇ ਘਰ ਪਰਤੇ ਤਾਂ ਉਨ੍ਹਾਂ ਦੇਖਿਆ ਕਿ ਖੁਸ਼ਬੂ ਦੀ ਲਾਸ਼ ਕਮਰੇ 'ਚ ਲਟਕ ਰਹੀ ਸੀ। ਜਾਂਚ ਅਧਿਕਾਰੀ ਬੂਆ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਦੇ ਬਾਅਦ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।