ਸਟਾਫ ਰਿਪੋਰਟਰ, ਲੁਧਿਆਣਾ : ਆਗਾਮੀ ਲੋਕ ਸਭਾ ਚੋਣਾਂ-2019 ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਦੇ ਅੱਜ ਚੌਥੇ ਦਿਨ ਹਲਕਾ ਲੁਧਿਆਣਾ ਲਈ ਤਿੰਨ ਹੋਰ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਇਰ ਕੀਤੇ। ਅੱਜ ਕਾਗਜ਼ ਦਾਖ਼ਲ ਕਰਨ ਵਾਲਿਆਂ 'ਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਰਵਨੀਤ ਸਿੰਘ ਬਿੱਟੂ ਤੇ ਕਵਰਿੰਗ ਉਮੀਦਵਾਰ ਅਨੁਪਮਾ ਸ਼ਾਮਲ ਹਨ, ਜਦਕਿ ਲਾਲ ਚੰਦ ਰਾਓ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕੀਤੇ ਗਏ। ਇਸ ਤਰ੍ਹਾਂ ਹੁਣ ਤਕ ਹਲਕਾ ਲੁਧਿਆਣਾ ਲਈ ਕਾਗਜ਼ ਦਾਖ਼ਲ ਕਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਪਹਿਲੇ ਦਿਨ ਦੋ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਇਰ ਕੀਤੀਆਂ ਸਨ, ਜਿਨ੍ਹਾਂ 'ਚ ਨੈਸ਼ਨਲਿਸਟ ਜਸਟਿਸ ਪਾਰਟੀ ਤੋਂ ਬਲਦੇਵ ਰਾਜ ਕਤਨਾ ਅਤੇ ਆਜ਼ਾਦ ਉਮੀਦਵਾਰ ਵਜੋਂ ਜੈ ਪ੍ਰਕਾਸ਼ ਜੈਨ ਸ਼ਾਮਿਲ ਸਨ। ਜਦਕਿ ਤੀਜੇ ਦਿਨ ਰਵਿੰਦਰਪਾਲ ਸਿੰਘ ਅਤੇ ਜਸਦੀਪ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਤੇ ਦਲਜੀਤ ਸਿੰਘ ਨੇ ਪੀਪਲਜ਼ ਪਾਰਟੀ ਆਫ਼ ਇੰਡੀਆ (ਸੈਕੂਲਰ) ਦੇ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕੀਤੇ ਸਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਲੋਕ ਸਭਾ ਚੋਣਾਂ 2019 ਲਈ ਨਾਮਜ਼ਦਗੀਆਂ ਭਰਨ ਦਾ ਅਮਲ 29 ਅਪ੍ਰਰੈਲ ਤਕ ਜਾਰੀ ਰਹੇਗਾ। ਨਾਮਜ਼ਦਗੀਆਂ ਦੀ ਪੜਤਾਲ 30 ਅਪ੍ਰਰੈਲ ਨੂੰ ਹੋਵੇਗੀ, ਜਦਕਿ ਕਾਗਜ਼ 2 ਮਈ ਤਕ ਵਾਪਸ ਲਏ ਜਾ ਸਕਣਗੇ।

ਅਗਰਵਾਲ ਨੇ ਦੱਸਿਆ ਕਿ ਨਾਮਜ਼ਦਗੀਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤਕ ਦਾਖ਼ਲ ਕੀਤੀਆਂ ਜਾਣਗੀਆਂ। 27 ਅਤੇ 28 ਅਪ੍ਰਰੈਲ (ਸ਼ਨਿੱਚਰਵਾਰ ਅਤੇ ਐਤਵਾਰ) ਨੂੰ ਕਾਗਜ਼ ਨਹੀਂ ਦਾਖ਼ਲ ਕੀਤੇ ਜਾ ਸਕਣਗੇ। ਅਗਰਵਾਲ ਨੇ ਸੰਭਾਵੀ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਖ਼ਰੀ ਮੌਕੇ ਦੀ ਭੱਜ ਦੌੜ ਤੋਂ ਬਚਣ ਲਈ ਆਪਣੀ ਸਕਿਓਰਿਟੀ ਫੀਸ ਅਗਾਂਊ ਵੀ ਜਮ੍ਹਾਂ ਕਰਵਾ ਸਕਦੇ ਹਨ। ਇਹ ਫੀਸ ਚੋਣ ਕਾਨੂੰਨਗੋ ਰਾਜਨ ਢੱਲ ਦੇ ਕਮਰਾ ਨੰਬਰ 116, ਪਹਿਲੀ ਮੰਜ਼ਿਲ, ਤਹਿਸੀਲਦਾਰ ਚੋਣ ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਲੁਧਿਆਣਾ ਵਿਖੇ ਕਿਸੇ ਵੀ ਕੰਮ ਕਾਰ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਭਰੀ ਜਾ ਸਕਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਫੀਸ ਉਮੀਦਵਾਰ ਨਾਮਜ਼ਦਗੀ ਪੱਤਰ ਭਰਨ ਵੇਲੇ ਮੌਕੇ 'ਤੇ ਵੀ ਭਰਵਾ ਸਕਦਾ ਹੈ। ਇਸ ਤੋਂ ਇਲਾਵਾ ਵੋਟਰ ਸੂਚੀ ਦੀ ਤਸਦੀਕਸ਼ੁਦਾ ਕਾਪੀ ਪ੍ਰਰਾਪਤ ਕਰਨ ਲਈ ਉਮੀਦਵਾਰਾਂ ਨੂੰ ਕਮਰਾ ਨੰਬਰ 123, ਪਹਿਲੀ ਮੰਜ਼ਿਲ, ਤਹਿਸੀਲਦਾਰ ਚੋਣ ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੰਮ ਕਾਰ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਅਪਲਾਈ ਕਰਨਾ ਪਵੇਗਾ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਜ਼ਰੂਰੀ ਕਾਰਵਾਈਆਂ ਨੂੰ ਸਮਾਂ ਰਹਿੰਦੇ ਮੁਕੰਮਲ ਕਰ ਲੈਣ। ਇਸ ਉਪਰੰਤ ਉਨ੍ਹਾਂ ਨਾਮਜ਼ਦਗੀਆਂ ਪ੍ਰਰਾਪਤ ਕਰਨ ਸੰਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ।