ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਦੇ ਪਿੰਡ ਕਾਉਂਕੇ ਕਲਾਂ ਦੀ ਇਕ ਵਰਕਸ਼ਾਪ ਦੇ ਮੁਲਾਜ਼ਮ ਨੇ ਜਾਅਲੀ ਕਰਨਲ ਨਾਲ ਮਿਲ ਕੇ ਨੌਜਵਾਨ ਨੂੰ ਫੌਜ ਵਿਚ ਭਰਤੀ ਕਰਵਾਉਣ ਦੇ ਨਾਮ 'ਤੇ ਦੋ ਲੱਖ ਰੁਪਏ ਠੱਗ ਲਏ। ਲੰਮੀ ਜੱਦੋਜਹਿਦ ਤੋਂ ਬਾਅਦ ਜਗਰਾਓਂ ਪੁਲਿਸ ਨੇ ਠੱਗੇ ਗਏ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ 'ਤੇ ਵਰਕਸ਼ਾਪ ਮੁਲਾਜ਼ਮ ਖਿਲਾਫ਼ ਮੁਕੱਦਮਾ ਦਰਜ ਕਰ ਲਿਆ। ਇਸ ਮਾਮਲੇ ਵਿਚ ਸ਼ਿਕਾਇਤ ਕਰਤਾ ਲਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ ਨੇ ਦੱਸਿਆ ਕਿ 20 ਫਰਵਰੀ 2018 ਨੂੰ ਪਿੰਡ ਦੀ ਹੀ ਵਰਕਸ਼ਾਪ 'ਤੇ ਕੰਮ ਕਰਦੇ ਮੁਲਾਜ਼ਮ ਸੁਖਵਿੰਦਰ ਸਿੰਘ ਉਰਫ ਕਾਲੀ ਪੁੱਤਰ ਜਗਦੇਵ ਸਿੰਘ ਵਾਸੀ ਮੰਡਿਆਣੀ ਨੇ ਉਸ ਨੂੰ ਦੱਸਿਆ ਕਿ ਉਸ ਦੀ ਫੌਜ ਦੇ ਕਰਨਲ ਨਾਲ ਜਾਣ ਪਛਾਣ ਹੈ, ਉਹ ਉਸ ਦੇ 22 ਸਾਲਾਂ ਪੁੱਤ ਹਰਜੀਤ ਸਿੰਘ ਨੂੰ ਫੌਜ ਵਿਚ ਭਰਤੀ ਕਰਵਾ ਦੇਵੇਗਾ।

ਪੁੱਤ ਨੂੰ ਸਰਕਾਰੀ ਨੌਕਰੀ ਮਿਲ ਜਾਵੇਗੀ, ਦੇ ਲਾਲਚ ਵਿਚ ਆ ਗਿਆ ਤੇ ਉਸ ਨੂੰ ਸੁਖਵਿੰਦਰ ਸਿੰਘ ਨੂੰ 2 ਲੱਖ ਰੁਪਏ ਦੇ ਦਿੱਤੇ। ਲਾਲ ਸਿੰਘ ਨੇ ਦੱਸਿਆ ਕਿ ਕਾਲੀ ਵੱਲੋਂ ਜੀਰੇ ਦੇ ਇਕ ਹੋਟਲ ਵਿਚ ਇਕ ਵਿਅਕਤੀ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਈ, ਜੋ ਖੁਦ ਨੂੰ ਫੌਜ ਦਾ ਕਰਨਲ ਦੱਸਦਾ ਸੀ। ਉਕਤ ਕਰਨਲ ਨੇ ਉਸ ਦੇ ਪੁੱਤ ਦੀ ਇੰਟਰਵਿਊ ਲਈ ਅਤੇ ਜਲਦੀ ਹੀ ਸਿਲੈਕਸ਼ਨ ਦੀ ਗੱਲ ਕਹਿ ਕੇ ਵਾਪਸ ਭੇੱਜ ਦਿੱਤਾ ਪਰ ਲੰਮਾਂ ਸਮਾਂ ਬੀਤ ਜਾਣ ਤੇ ਵੀ ਜਦੋਂ ਉਨ੍ਹਾਂ ਨੂੰ ਸਾਫ ਹੋ ਗਿਆ ਕਿ ਕਾਲੀ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ ਤਾਂ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਮਾਮਲੇ ਵਿਚ ਪੁਲਿਸ ਚੌਂਕੀ ਕਾਉਂਕੇ ਕਲਾਂ ਦੇ ਇੰਚਾਰਜ ਏਐੱਸਆਈ ਹਰਮੇਸ਼ ਕੁਮਾਰ ਨੇ ਦੱਸਿਆ ਕਿ ਉਕਤ ਮਾਮਲੇ ਦੀ ਡੀਐੱਸਪੀ ਡੀ ਵੱਲੋਂ ਜਾਂਚ ਉਪਰੰਤ ਪਰਚਾ ਦਰਜ ਕੀਤਾ ਗਿਆ।

Posted By: Amita Verma