ਸੰਜੀਵ ਗੁਪਤਾ, ਜਗਰਾਓਂ : ਦੇਸ਼ ਦੇ ਪ੍ਰਧਾਨ ਮੰਤਰੀ ਨੇ ਗੱਬਰ ਸਿੰਘ ਟੈਕਸ ਰਾਹੀਂ ਦੇਸ਼ ਦਾ ਪੈਸਾ ਅਠਾਰਾਂ ਟੱਬਰ ਪਾਲਣ 'ਚ ਉਜਾੜ ਦਿੱਤਾ। ਇਹੀ ਨਹੀਂ ਪ੍ਰਧਾਨ ਮੰਤਰੀ ਨੇ ਨੋਟਬੰਦੀ ਲਾਗੂ ਕਰ ਕੇ ਦੇਸ਼ 'ਤੇ ਆਰਥਿਕ ਹਮਲਾ ਬੋਲਿਆ ਸੀ ਜਿਸ 'ਤੇ ਹਰ ਇਕ ਵਰਗ ਅੱਜ ਵੀ ਦੁੱਖ ਭੋਗ ਰਿਹਾ ਹੈ, ਪਰ ਇਹ ਦੁੱਖ-ਦਰਦ ਹੋਰ ਪੰਜ ਦਿਨ ਰਹਿ ਗਏ ਹਨ। ਦੇਸ਼ 'ਚ ਕਾਂਗਰਸ ਸਰਕਾਰ ਸਥਾਪਤ ਹੁੰਦਿਆਂ ਹੀ ਚੋਰਾਂ ਵੱਲੋਂ ਲੁੱਟਿਆ ਪੈਸਾ ਦੇਸ਼ ਦੀ ਜਨਤਾ ਨੂੰ ਮੋੜਿਆ ਜਾਵੇਗਾ। ਇਹ ਪ੍ਰਗਟਾਵਾ ਅੱਜ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਮੁੱਲਾਂਪੁਰ ਦੀ ਦੁਸਹਿਰਾ ਗਰਾਊਂਡ ਵਿਖੇ ਐੱਮਪੀ ਰਵਨੀਤ ਸਿੰਘ ਬਿੱਟੂ ਦੇ ਹੱਕ ਵਿਚ ਕੀਤੀ ਚੋਣ ਰੈਲੀ ਦੌਰਾਨ ਕੀਤਾ।

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜ਼ਬਰਦਸਤ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਪੀਐੱਮ ਨਰਿੰਦਰ ਮੋਦੀ ਨੇ ਹਿੰਦੁਸਤਾਨ ਦੀ ਤਾਕਤ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾਇਆ। ਉਸ ਨੂੰ ਅਸੀਂ ਠੀਕ ਕਰਾਂਗੇ। ਦੇਸ਼ ਦਾ ਮਾਲਿਕ ਪ੍ਰਧਾਨ ਮੰਤਰੀ ਨਹੀਂ ਹੁੰਦਾ। ਦੇਸ਼ ਦੇ ਮਾਲਿਕ ਤਾਂ ਇੱਥੋਂ ਦੇ ਕਿਸਾਨ ਤੇ ਇਥੋਂ ਦੇ ਲੋਕ ਹਨ। ਉਨ੍ਹਾਂ ਰਾਫੇਲ, ਨੋਟਬੰਦੀ ਤੇ ਜੀਐੱਸਟੀ ਵਰਗੇ ਮੁੱਦੇ ਚੁੱਕੇ ਹਨ। ਉਨ੍ਹਾਂ ਇਸ ਰੈਲੀ 'ਚ ਵੀ ਆਪਣਾ ਚੌਕੀਦਾਰ ਵਾਲਾ ਨਾਅਰਾ ਲਗਵਾਇਆ। ਉਨ੍ਹਾਂ ਇਕ ਵਾਰ ਫਿਰ ਪੀਐੱਮ ਮੋਦੀ ਨੂੰ ਬਹਿਸ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਇੰਡਸਟਰੀ 'ਤੇ ਨੋਟਬੰਦੀ ਦਾ ਅਸਰ ਪਿਆ।

ਰਾਹੁਲ ਗਾਂਧੀ ਨੇ ਇਕ ਵਾਰ ਫਿਰ 1984 ਦੇ ਸਿੱਖ ਵਿਰੋਧੀ ਦੰਗਿਆਂ 'ਤੇ ਸੈਮ ਪਿਤਰੋਦਾ ਦੇ ਬਿਆਨ ਦਾ ਮਾਮਲਾ ਚੁੱਕਿਆ। ਉਨ੍ਹਾਂ ਕਿਹਾ ਕਿ ਸੈਮ ਪਿਤਰੋਦਾ ਨੇ 1984 ਦੇ ਦੰਗੇ ਨੂੰ ਲੈ ਕੇ ਜੋ ਕੁਝ ਕਿਹਾ, ਉਸ ਦੀ ਮੈਂ ਫਿਰ ਨਿੰਦਾ ਕਰਦਾ ਹਾਂ। ਇਹ ਬੇਹਦ ਸ਼ਰਮਨਾਕ ਹੈ। ਇਹ ਗੱਲ ਮੈਂ ਸੈਮ ਪਿਤੋਰਦਾ ਨੂੰ ਵੀ ਕਹੀ। ਮੈਂ ਉਨ੍ਹਾਂ ਨੂੰ ਫੋਨ ਕਰ ਕੇ ਕਿਹਾ ਕਿ ਤੁਹਾਡੇ ਇਸ ਬਿਆਨ ਲਈ ਸ਼ਰਮ ਆਉਣੀ ਚਾਹੀਦੀ ਤੇ ਤੁਹਾਨੂੰ ਦੇਸ਼ ਤੋਂ ਜਨਤਕ ਤੌਰ 'ਤੇ ਮਾਫੀ ਮੰਗਣੀ ਚਾਹੀਦੀ।

'ਮੇਡ ਇੰਨ ਚਾਈਨਾ' ਦਾ ਮੁਕਾਬਲਾ 'ਮੇਡ ਇੰਨ ਲੁਧਿਆਣਾ' ਕਰੇਗਾ

ਲੁਧਿਆਣਵੀਆਂ ਦਾ ਸਮਰਥਨ ਲੈਣ ਲਈ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ 'ਮੇਡ ਇੰਨ ਚਾਈਨਾ' ਦਾ ਮੁਕਾਬਲਾ 'ਮੇਡ ਇੰਨ ਲੁਧਿਆਣਾ' ਨਾਲ ਕਰੇਗਾ ਅਤੇ ਇਸ ਨੂੰ ਸੱਚ ਕਰਨ ਲਈ ਇਕ ਬਹੁਤ ਵੱਡੀ ਯੋਜਨਾ ਨੂੰ ਸਰਕਾਰ ਬਣਦੇ ਹੀ ਲਾਗੂ ਕੀਤਾ ਜਾਵੇਗਾ। ਉਨ੍ਹਾਂ ਮੰਨਿਆ ਕਿ ਜੇ ਕੇਂਦਰ ਵਿਚ ਕਾਂਗਰਸ ਸਰਕਾਰ ਆਉਂਦੀ ਹੈ ਤਾਂ ਕਾਂਗਰਸ ਅੱਗੇ ਬੇਰੁਜ਼ਗਾਰੀ ਅਤੇ ਕਿਸਾਨੀ ਸੰਕਟ ਵੱਡੇ ਚੈਲੰਜ ਹਨ ਪਰ ਇਸ ਦੇ ਹੱਲ ਲਈ ਇੰਡਸਟਰੀ, ਛੋਟੇ ਅਤੇ ਮੱਧ ਵਰਗੀ ਰੁਜ਼ਗਾਰ ਨੂੰ ਖੜ੍ਹਾ ਕਰਨਾ ਮਕਸਦ ਰਹੇਗਾ। ਇਸ ਮੌਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡਸਟਰੀ ਪੱਖੋਂ ਪੰਜਾਬ ਤੋੜ ਦਿੱਤਾ। ਪਿਛਲੇ 10 ਸਾਲਾਂ ਵਿਚ ਅਕਾਲੀ-ਭਾਜਪਾ ਸਰਕਾਰ ਨੇ ਵੀ ਲੁਧਿਆਣਾ ਜਾਂ ਪੰਜਾਬ ਲਈ ਰੁਜ਼ਗਾਰ ਪੈਦਾ ਕਰਨ ਵਾਲਾ ਕੋਈ ਕਦਮ ਨਾ ਚੁੱਕਿਆ ਪਰ ਹੁਣ ਪੰਜਾਬ ਵਿਚ ਵੱਡੇ ਪੱਧਰ 'ਤੇ ਇੰਡਸਟਰੀ ਲੱਗਣ ਦੀ ਸ਼ੁਰੂਆਤ ਹੋ ਚੁੱਕੀ ਹੈ।

Posted By: Amita Verma