ਜੇਐੱਨਐੱਨ, ਲੁਧਿਆਣਾ : ਕਈ ਦਿਨਾਂ ਤਕ ਜ਼ਬਰਦਸਤ ਗਰਮੀ ਤੋਂ ਬਾਅਦ ਸੂਬੇ 'ਚ ਬੁੱਧਵਾਰ ਨੂੰ ਮੌਸਮ ਦਾ ਮਿਜ਼ਾਜ ਬਦਲ ਗਿਆ। ਦਿਨ ਭਰ ਬੱਦਲ ਛਾਏ ਰਹੇ ਤੇ ਸ਼ਾਮ ਨੂੰ ਆਏ ਤੂਫ਼ਾਨ ਨੇ ਜ਼ਬਰਦਸਤ ਉਥਲ-ਪੁਥਲ ਮਚਾਈ। ਸ਼ਾਮ ਛੇ ਵਜੇ ਤੋਂ ਸਾਢੇ ਛੇ ਵਜੇ ਦਰਮਿਆਨ ਸੌ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਜਿਸ ਕਾਰਨ ਕਈ ਜ਼ਿਲ੍ਹਿਆਂ 'ਚ ਦਰੱਖ਼ਤ ਉਖੜ ਗਏ। ਹੋਰਡਿੰਗ ਤੇ ਬਿਜਲੀ ਦੇ ਖੰਭੇ ਵੀ ਡਿੱਗ ਪਏ। ਕਈ ਥਾਵਾਂ 'ਤੇ ਮਕਾਨ ਤੇ ਕੰਧਾਂ ਢਹਿ ਗਈਆਂ। ਕੰਧਾਂ ਡਿੱਗਣ ਕਾਰਨ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਰੀਬ ਅੱਧੇ ਘੰਟੇ ਤਕ ਤੂਫ਼ਾਨ ਦਾ ਅਸਰ ਰਿਹਾ। ਸ਼ਾਮ ਸਾਢੇ ਛੇ ਵਜੇ ਤੋਂ ਬਾਅਦ ਬਾਰਿਸ਼ ਨੇ ਦਸਤਕ ਦਿੱਤੀ ਜਿਸ ਨਾਲ ਲੂ ਤੇ ਗਰਮੀ ਤੋਂ ਰਾਹਤ ਮਿਲੀ। ਫ਼ਰੀਦਕੋਟ ਤੇ ਜਲੰਧਰ ਜ਼ਿਲ੍ਹਿਆਂ ਵਿਚ ਗੜੇ ਵੀ ਪਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾ. ਕੇ ਕੇ ਗਿੱਲ ਅਨੁਸਾਰ ਬੁੱਧਵਾਰ ਨੂੰ ਮੌਸਮ ਵਿਚ ਆਈ ਤਬਦੀਲੀ ਦਾ ਕਾਰਨ ਗੜਬੜ ਵਾਲੀਆਂ ਪੱਛਮੀ ਪੌਣਾਂ ਸਨ। ਇਸ ਦਾ ਪ੍ਰਭਾਵ ਵੀਰਵਾਰ ਨੂੰ ਵੀ ਰਹੇਗਾ ਤੇ ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਹੋ ਸਕਦੀ ਹੈ।

ਤਾਪਮਾਨ 'ਚ ਆਈ ਗਿਰਾਵਟ

ਉਧਰ ਬਾਰਿਸ਼ ਨਾਲ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਫਿਰੋਜ਼ਪੁਰ 'ਚ ਤਾਪਮਾਨ 42.9 ਡਿਗਰੀ, ਲੁਧਿਆਣੇ ਦਾ ਤਾਪਮਾਨ 41.4 ਡਿਗਰੀ, ਪਟਿਆਲੇ ਦਾ 40.8 ਡਿਗਰੀ, ਅੰਮਿ੍ਤਸਰ ਦਾ 39.5 ਡਿਗਰੀ ਤੇ ਜਲੰਧਰ ਦਾ ਤਾਪਮਾਨ 39.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।