ਜੇਐੱਨਐੱਨ, ਲੁਧਿਆਣਾ : ਪੰਜਾਬ 'ਚ ਵੀਰਵਾਰ ਨੂੰ ਵੀ ਕਈ ਜ਼ਿਲ੍ਹਿਆਂ 'ਚ ਮੌਨਸੂਨ ਵਰ੍ਹਿਆ। ਜਲੰਧਰ, ਲੁਧਿਆਣਾ, ਪਟਿਆਲਾ 'ਚ ਮੌਨਸੂਨ ਛਮ-ਛਮ ਵਰ੍ਹਿਆ। ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿਚ ਸਵੇਰੇ ਨੌਂ ਵਜੇ ਤੋਂ ਸਾਢੇ ਦਸ ਵਜੇ ਦੌਰਾਨ ਤੇਜ਼ ਹਵਾਵਾਂ ਦਰਮਿਆਨ ਬਾਰਿਸ਼ ਹੋਈ। ਲੁਧਿਆਣੇ 'ਚ ਤਾਂ ਬਾਰਿਸ਼ ਦੌਰਾਨ ਹਵਾਵਾਂ ਦੀ ਰਫ਼ਤਾਰ ਕਰੀਬ 40 ਕਿਲੋਮੀਟਰ ਪ੍ਰਤੀ ਘੰਟਾ ਰਹੀ। ਤੇਜ਼ ਬਾਰਿਸ਼ ਕਾਰਨ ਕੁਝ ਹੀ ਸਮੇਂ ਵਿਚ ਸੜਕਾਂ 'ਤੇ ਪਾਣੀ ਭਰ ਗਿਆ ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੇ ਦੋ ਪਹੀਆ ਵਾਹਨ ਪਾਣੀ ਵਿਚ ਬੰਦ ਹੋ ਗਏ। ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਦੀ ਪੇਸ਼ੀਨਗੋਈ ਅਨੁਸਾਰ ਲੁਧਿਆਣੇ 'ਚ 30 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਜਦਕਿ ਆਦਮਪੁਰ 'ਚ 13 ਮਿਲੀਮੀਟਰ ਬਾਰਿਸ਼ ਹੋਈ। ਉਧਰ ਪਟਿਆਲੇ 'ਚ 17 ਮਿਲੀਮੀਟਰ ਬਾਰਿਸ਼ ਤੇ ਹਲਵਾਰਾ 'ਚ 12 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸ ਤੋਂ ਇਲਾਵਾ ਅੰਮਿ੍ਤਸਰ 'ਚ 2.1 ਮਿਲੀਮੀਟਰ, ਚੰਡੀਗੜ੍ਹ ਵਿਚ 9.6 ਮਿਲੀਮੀਟਰ ਤੇ ਪਠਾਨਕੋਟ ਵਿਚ 2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਬਾਰਿਸ਼ ਕਾਰਨ ਦਿਨ ਦੇ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ। ਜਿਨ੍ਹਾਂ ਥਾਵਾਂ 'ਤੇ ਬਾਰਿਸ਼ ਹੋਈ ਉੱਥੇ ਵੱਧ ਤੋਂ ਵੱਧ ਤਾਪਮਾਨ 30 ਤੋਂ 33 ਡਿਗਰੀ ਸੈਲਸੀਅਸ ਵਿਚਾਲੇ ਰਿਹਾ। ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਤੇਜ਼ ਹਵਾਵਾਂ ਦਰਮਿਆਨ ਬਾਰਿਸ਼ ਦੀ ਸੰਭਾਵਨਾ ਹੈ। ਕੁਝ ਥਾਈਂ ਬੱਦਲਵਾਈ ਰਹਿ ਸਕਦੀ ਹੈ। ਮੌਸਮ ਵਿਭਾਗ ਅਨੁਸਾਰ 15 ਜੁਲਾਈ ਤਕ ਪੰਜਾਬ 'ਚ ਰੁਕ-ਰੁਕ ਦੇ ਬਾਰਿਸ਼ ਜਾਰੀ ਰਹੇਗੀ।