ਸੰਜੀਵ ਗੁਪਤਾ, ਜਗਰਾਓਂ : ਨੀਲਧਾਰੀ ਸੰਪਰਦਾਇ ਦੇ ਸੰਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੱਦੀ ਲਗਾਉਣ 'ਤੋਂ ਭੜਕੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਸੜਕਾਂ 'ਤੇ ਉੱਤਰਦਿਆਂ ਸੰਤ ਦਾ ਪੁਤਲਾ ਫੂਕਿਆ। ਇਸ ਦੌਰਾਨ ਕਮੇਟੀ ਵੱਲੋਂ ਸੰਤ ਖ਼ਿਲਾਫ਼ ਮੁਕੱਦਮਾ ਦਰਜ ਕਰਨ ਲਈ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ। ਸਥਾਨਕ ਤਹਿਸੀਲ ਚੌਕ ਵਿਚ ਇਕੱਠੇ ਹੋਏ ਕਮੇਟੀ ਦੇ ਬੁਲਾਰਿਆਂ ਨੇ ਕਿਹਾ ਕਿ ਨੀਲਧਾਰੀ ਸੰਪਰਦਾਇ ਦੇ ਮੁਖੀ ਸਤਨਾਮ ਸਿੰਘ ਪਿਪਲੀ ਵਾਲਿਆਂ ਵੱਲੋਂ ਪਿਛਲੇ ਦਿਨੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਗਾ ਕੇ ਆਪਣੀ ਮਾਨਤਾ ਕਰਵਾ ਰਿਹਾ ਹੈ ਉੱਥੇ ਸਿੰਘਾਸਣਨੁਮਾ ਪਾਲਕੀ 'ਚ ਬੈਠ ਕੇ ਫਿਲਮੀ ਗੀਤ 'ਤੇ ਸਮਾਗਮ 'ਚ ਐਂਟਰੀ ਦਾ ਢਕਵੰਜ ਰਚ ਕੇ ਗੁਰੂ ਘਰ ਦੀ ਮਰਿਆਦਾ ਦੀਆਂ ਧੱਜੀਆਂ ਉਡਾ ਰਿਹਾ ਹੈ। ਅਜਿਹੇ ਹੋਰ ਕਈ ਕਾਰਨਾਮੇ ਸਿੱਖ ਧਰਮ ਮਰਿਆਦਾ ਨੂੰ ਤਾਰ-ਤਾਰ ਕਰ ਰਹੇ ਹਨ। ਅਜਿਹੇ ਸੰਤ ਜੋ ਧਰਮ ਦਾ ਮਜ਼ਾਕ ਬਣਾਉਂਦੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਉਕਤ ਸੰਤ 'ਤੇ ਧਰਮ ਦੀ ਨਿਰਾਦਰੀ ਕਰਨ ਦਾ ਦੋਸ਼ ਲਗਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਦੌਰਾਨ ਸੰਤ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵਿਚ ਸੰਤ ਦਾ ਪੁਤਲਾ ਫੂਕਿਆ ਅਤੇ ਇੱਥੋਂ ਹੀ ਸੰਤ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰੋਸ ਮਾਰਚ ਦੇ ਰੂਪ ਵਿਚ ਐੱਸਐੱਸਪੀ ਦਫਤਰ ਪੁੱਜੇ।

ਇਕੱਠ ਨੇ ਐਸਪੀ ਗੁਰਦੀਪ ਸਿੰਘ ਨੂੰ ਸ਼ਿਕਾਇਤ ਦੇ ਕੇ ਸੰਤ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ, ਪੰਜਾਬ ਦੇ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ, ਬਲਦੇਵ ਸਿੰਘ ਸਰਾਭਾ, ਗੁਰਕਮਲਪ੍ਰੀਤ ਸਿੰਘ, ਗੁਰਮੁੱਖ ਸਿੰਘ ਅਤੇ ਵਰਿੰਦਰ ਸਿੰਘ ਆਦਿ ਹਾਜ਼ਰ ਸਨ।

Posted By: Seema Anand