ਜੇਐੱਨਐੱਨ, ਲੁਧਿਆਣਾ : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਭਾਰਤ-ਪਾਕਿ ਵਿਚਾਲੇ ਬਣਨ ਵਾਲੇ ਕਰਤਾਰਪੁਰ ਲਾਂਘੇ ਦਾ ਰੂਟ ਫਾਈਨਲ ਕਰ ਕੇ ਇਸ ਨੂੰ ਨੈਸ਼ਨਲ ਹਾਈਵੇ ਐਲਾਨ ਦਿੱਤਾ ਹੈ। ਇਸ ਨੂੰ ਬਣਾਉਣ ਲਈ ਏਜੰਸੀ ਵੀ ਤੈਅ ਕਰ ਲਈ ਹੈ। ਹਰਸਿਮਰਤ ਸ਼ੁੱਕਰਵਾਰ ਨੂੰ ਲਾਡੋਵਾਲ ਸਥਿਤ ਮੈਗਾ ਫੂਡ ਪਾਰਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਰੂਟ ਦਾ ਨਕਸ਼ਾ ਵੀ ਦਿਖਾਇਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਂਘੇ 'ਤੇ ਕੇਂਦਰ ਦੀ ਿਢੱਲੀ ਕਾਰਵਾਈ ਦੇ ਦੋਸ਼ਾਂ 'ਤੇ ਹਰਸਿਮਰਤ ਨੇ ਕਿਹਾ ਕਿ ਕੇਂਦਰ ਸਰਕਾਰ ਮਿੰਟਾਂ 'ਚ ਕੰਮ ਕਰ ਰਹੀ ਹੈ, ਜਦਕਿ ਸੂਬਾ ਸਰਕਾਰ ਮਹੀਨਿਆਂ 'ਚ ਕੰਮ ਕਰ ਰਹੀ ਹੈ। ਹਾਲਤ ਇਹ ਹੈ ਕਿ ਲਾਂਘੇ ਨੂੰ ਲੈ ਕੇ ਦਸੰਬਰ ਮਹੀਨੇ ਦੀ ਸ਼ੁਰੂਆਤ ਵਿਚ ਹੋਈ ਮੀਟਿੰਗ ਦੇ ਮਿੰਟ ਭੇਜਣ ਵਿਚ ਸੂਬਾ ਸਰਕਾਰ ਨੇ ਇਕ ਮਹੀਨੇ ਦਾ ਸਮਾਂ ਲਗਾ ਦਿੱਤਾ। ਜਦਕਿ ਕੇਂਦਰ ਸਰਕਾਰ ਨੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਦੇ ਡੇਢ ਮਹੀਨੇ ਦੌਰਾਨ ਹੀ ਰੂਟ ਫਾਈਨਲ ਕਰ ਕੇ ਨੈਸ਼ਨਲ ਹਾਈਵੇ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਸੂਬਾ ਸਰਕਾਰ ਜ਼ਮੀਨ ਐਕਵਾਇਰ ਕਰੇ ਤੇ ਸਬੰਧਤ ਜ਼ਮੀਨ ਮਾਲਕਾਂ ਦੇ ਅਕਾਊਂਟ ਵਿਚ ਰਕਮ ਭੇਜ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਮੀਨ ਐਕਵਾਇਰ ਕਰਨ ਲਈ ਰਕਮ ਸੂਬਾ ਸਰਕਾਰ ਨੂੰ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਸ ਰਕਮ ਦਾ ਦੁਰਉਪਯੋਗ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਜਲਦੀ ਬਣਾਉਣ ਲਈ ਕੇਂਦਰ ਸਰਕਾਰ ਦਿ੫ੜ ਸੰਕਲਪ ਹੈ।

ਲੋਕ ਸਭਾ ਚੋਣਾਂ 'ਤੇ ਹਰਸਿਮਰਤ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਾਰੀਆਂ 13 ਸੀਟਾਂ 'ਤੇ ਜਿੱਤ ਹਾਸਲ ਕਰੇਗਾ। ਪੰਜਾਬ ਵਿਚ ਬਣ ਰਹੀਆਂ ਨਵੀਆਂ ਪਾਰਟੀਆਂ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਬਾਦਲ ਨੇ ਕਿਹਾ ਕਿ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਚੋਣਾਂ ਤੋਂ ਪਹਿਲਾਂ ਹੀ ਆਪਣੀ ਬੀ ਟੀਮ ਖੜ੍ਹੀ ਕਰਦੀ ਹੈ। ਸਾਲ 2014 ਦੀਆਂ ਚੋਣਾਂ ਵਿਚ ਕਾਂਗਰਸ ਨੇ ਪੀਪਲਜ਼ ਪਾਰਟੀ ਆਫ ਪੰਜਾਬ ਤੇ ਆਪ ਨੂੰ ਖੜ੍ਹਾ ਕਰਵਾ ਦਿੱਤਾ ਸੀ। ਬਾਅਦ ਵਿਚ ਹੱਥ ਮਿਲਾ ਲਿਆ। ਪੰਚਾਇਤੀ ਚੋਣਾਂ ਵਿਚ ਕਾਂਗਰਸ ਨੇ ਜੰਮ ਕੇ ਮਨਮਾਨੀ ਕੀਤੀ। ਇਸ ਦੇ ਬਾਵਜੂਦ ਅਕਾਲੀ ਦਲ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ। ਸੁਖਪਾਲ ਖਹਿਰਾ ਵੱਲੋਂ ਬਿਠੰਡਾ ਤੋਂ ਚੋਣ ਲੜਨ ਦੀ ਗੱਲ 'ਤੇ ਹਰਸਿਮਰਤ ਨੇ ਕਿਹਾ ਕਿ ਖਹਿਰਾ ਦਾ ਸਵਾਗਤ ਹੈ।