ਲੁਧਿਆਣਾ : ਦਿੱਲੀ ਨਿਵਾਸੀ ਦੋਸਤ ਨੂੰ ਮਿਲਣ ਨਿਕਲੀ ਨਾਬਾਲਗਾ ਗ਼ਲਤੀ ਨਾਲ ਅੰਮ੍ਰਿਤਸਰ ਪਹੁੰਚ ਗਈ ਜਿੱਥੇ ਆਟੋ ਚਾਲਕ ਨੇ ਸਾਥੀ ਸਮੇਤ ਉਸ ਨਾਲ ਸਮੂਹਕ ਜਬਰ ਜਨਾਹ ਕੀਤਾ। ਹੁਣ ਥਾਣਾ ਡਵੀਜ਼ਨ ਨੰਬਰ ਚਾਰ ਪੁਲਿਸ ਨੇ ਦੋਨਾਂ ਖ਼ਿਲਾਫ਼ ਜਬਰ ਜਨਾਹ ਤੇ ਪੋਸਕੋ ਐਕਟ ਤਹਿਤ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕੀਤੀ ਹੈ।

ਏਐੱਸਆਈ ਸ਼ੇਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਨਿਵਾਸੀ ਸਾਹਿਬ ਤੇ ਬਾਬਾ ਵਜੋਂ ਹੋਈ। ਪੁਲਿਸ ਨੇ ਇਹ ਕੇਸ ਕਿਲ੍ਹਾ ਮੁਹੱਲਾ ਦੀ ਡਿਸਕੋ ਕਾਲੋਨੀ ਨਿਵਾਸੀ 15 ਸਾਲਾ ਨਾਬਾਲਗ ਲੜਕੀ ਦੀ ਸ਼ਿਕਾਇਤ 'ਤੇ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਉਸ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਉਸ ਦੀ ਦਿੱਲੀ ਨਿਵਾਸੀ ਸਾਹਿਲ ਨਾਂ ਦੇ ਨੌਜਵਾਨ ਨਾਲ ਦੋਸਤੀ ਹੋ ਗਈ ਸੀ। ਬੀਤੀ 3 ਫਰਵਰੀ ਨੂੰ ਉਹ ਦਿੱਲੀ ਜਾਣ ਲਈ ਘਰੋਂ ਰੇਲਵੇ ਸਟੇਸ਼ਨ ਪਹੁੰਚ ਗਈ। ਜਿੱਥੋਂ ਗ਼ਲਤ ਟ੍ਰੇਨ ਵਿਚ ਬੈਠਣ ਕਾਰਨ ਉਹ ਫਿਰੋਜ਼ਪੁਰ ਪਹੁੰਚ ਗਈ। ਉਥੋਂ ਵੀ ਗ਼ਲਤ ਬੱਸ ਵਿਚ ਬੈਠਣ ਕਾਰਨ ਉਹ ਅੰਮ੍ਰਿਤਸਰ ਪਹੁੰਚ ਗਈ। ਉੱਥੇ ਬੱਸ ਸਟੈਂਡ 'ਤੇ ਉਸ ਨੂੰ ਸਾਹਬ ਨਾਂ ਦਾ ਆਟੋ ਚਾਲਕ ਮਿਲਿਆ ਜਿਸ ਨੇ ਉਸ ਨੂੰ ਦੱਸਿਆ ਕਿ ਅੱਜ ਦਿੱਲੀ ਲਈ ਕੋਈ ਟ੍ਰੇਨ ਨਹੀਂ ਹੈ। ਉਹ ਅੱਜ ਉਸ ਦੇ ਕੋਲ ਹੀ ਰੁੱਕ ਜਾਵੇ। ਅਗਲੇ ਦਿਨ ਸਵੇਰੇ ਉਹ ਉਸ ਨੂੰ ਦਿੱਲੀ ਜਾਣ ਵਾਲੀ ਟ੍ਰੇਨ ਵਿਚ ਬਿਠਾ ਦਾਵੇਗੀ। ਉਸ ਦੀਆਂ ਗੱਲਾਂ ਵਿਚ ਆਈ ਨਾਬਾਲਗ ਲੜਕੀ ਉਸ ਨਾਲ ਚਲੀ ਗਈ। ਪਰ ਉਹ ਉਸ ਨੂੰ ਆਪਣੇ ਘਰ ਲਿਜਾਣ ਦੀ ਬਜਾਏ ਇਕ ਹੋਟਲ ਵਿਚ ਲੈ ਗਿਆ। ਬਾਬਾ ਨਾਂ ਦਾ ਉਸ ਦਾ ਸਾਥੀ ਵੀ ਉੱਥੇ ਆ ਗਿਆ। ਜਿੱਥੇ ਮੁਲਜ਼ਮਾਂ ਨੇ ਉਸ ਦੀ ਮਰਜ਼ੀ ਖ਼ਿਲਾਫ਼ ਉਸ ਨਾਲ ਸਮੂਹਕ ਜਬਰ ਜਨਾਹ ਕੀਤਾ। ਅਗਲੀ ਸਵੇਰੇ ਦੋਵੇਂ ਮੁਲਜ਼ਮ ਉਸ ਨੂੰ ਲਧਿਆਣਾ ਦੀ ਬੱਸ ਵਿਚ ਬਿਠਾ ਕੇ ਚਲੇ ਗਏ।

ਪੁਲਿਸ ਨੇ ਦਰਜ ਕੀਤੀ ਐੱਫਆਈਆਰ

ਓਧਰ ਐੱਸਐੱਚਓ ਇੰਸਪੈਕਰਟ ਸੁਰਿੰਦਰ ਚੋਪੜ ਨੇ ਕਿਹਾ ਕਿ ਨਾਬਾਲਿਗਾ ਦੀ ਕਹਾਣੀ ਵਿਚ ਕਈ ਸਵਾਲ ਤਾਂ ਹਨ ਪਰ ਉਸ ਨੇ ਜੋ ਬਿਆਨ ਦਰਜ ਕਰਵਾਇਆ, ਉਸ ਦੇ ਹਿਸਾਬ ਨਾਲ ਕੇਸ ਦਰਜ ਕਰ ਲਿਆ ਗਿਆ ਹੈ। ਉਸ ਨਾਲ ਜਬਰ ਜਨਾਹ ਅੰਮ੍ਰਿਤਸਰ ਵਿਚ ਹੋਇਆ। ਘਰ ਪਹੁੰਚਣ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਵਿਚ ਜ਼ੀਰੋ ਐੱਫਆਈਆਰ ਦਰਜ ਕੀਤੀ ਗਈ ਹੈ ਜਿਸ ਨੂੰ ਜਾਂਚ ਲਈ ਹੁਣ ਅੰਮ੍ਰਿਤਸਰ ਪੁਲਿਸ ਨੂੰ ਸੌਂਪ ਦਿੱਤਾ ਜਾਵੇਗਾ। ਮੁਲਜ਼ਮਾਂ ਦੀ ਤਲਾਸ਼ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਹੁਣ ਅੰਮ੍ਰਿਤਸਰ ਪੁਲਿਸ ਕਰੇਗੀ।

Posted By: Seema Anand