ਉਮੇਸ਼ ਜੈਨ, ਸ੍ਰੀ ਮਾਛੀਵਾੜਾ ਸਾਹਿਬ : ਭਾਰਤ ਦੀਆਂ ਕਿਸਾਨ ਜਥੇਬੰਦੀਆਂ ਦੀ ਕੌਮੀ ਪੱਧਰੀ ਮੀਟਿੰਗ ਅਜਮੇਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਦਿੱਲੀ ਵਿਖੇ ਹੋਈ। ਮੀਟਿੰਗ 'ਚ 11 ਸੂਬਿਆਂ ਦੇ ਕਿਸਾਨ ਪ੍ਰਧਾਨਾਂ ਨੇ ਹਿੱਸਾ ਲਿਆ ਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਕਿਸਾਨਾਂ ਨੇ ਕਰਜ਼ਾ ਮਾਫ਼ੀ, ਫਸਲਾਂ ਦੇ ਭਾਅ ਡਾ. ਸੁਆਮੀਨਾਥਨ ਦੀ ਰਿਪੋਰਟ ਮੁਤਾਬਕ ਦੇਣ, ਕਿਸਾਨਾਂ ਲਈ ਫਸਲ ਬੀਮਾ ਯੋਜਨਾ ਲਾਗੂ ਕਰਵਾਉਣ ਤੇ ਇਸ ਦਾ ਪ੍ਰੀਮੀਅਮ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਮਿਲ ਕੇ ਦੇਣ, ਕਿਸਾਨਾਂ ਨੂੰ ਦਸ ਹਜ਼ਾਰ ਰੁਪਏ ਬੁਢਾਪਾ ਪੈਨਸ਼ਨ ਦਿੱਤੇ ਜਾਣ ਆਦਿ ਬਾਰੇ ਵਿਚਾਰ ਸਾਂਝੇ ਕੀਤੇ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਕਿਸਾਨਾਂ ਦੇ ਕਰਜ਼ੇ ਮਾਫ਼ ਨਹੀ ਕੀਤੇ ਜਾਂਦੇ, ਓਨਾ ਚਿਰ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਉਲਟ 'ਵਰਲਡ ਟਰੇਡ ਆਰਗੇਨਾਈਜ਼ੇਸ਼ਨ' ਦੇ ਸਮਝੌਤੇ ਲਾਗੂ ਕਰਨਾ ਚਾਹੁੰਦੀ ਹੈ, ਜੋ ਕਿ ਲਾਗੂ ਨਹੀਂ ਹੋਣ ਦਿੱਤੇ ਜਾਣਗੇ।

ਲੱਖੋਵਾਲ ਨੇ ਕਿਹਾ ਕਿ ਜਿਵੇਂ ਤੇਲੰਗਾਨਾ ਸਰਕਾਰ ਨੇ ਖੇਤੀ ਨੀਤੀ ਬਣਾਈ ਹੈ, ਉਸੇ ਤਰ੍ਹਾਂ ਭਾਰਤ ਦੇ ਸਾਰੇ ਸੂਬਿਆਂ 'ਚ ਖੇਤੀ ਨੀਤੀ ਬਣਾਈ ਜਾਵੇ। ਇਸ ਮੀਟਿੰਗ 'ਚ ਪ੍ਰਰੋ. ਵਿਸ਼ਵਾਜੀਤ ਧਾਰ, ਸ਼ਾਲੀਨੀ ਭੁਟਾਨੀ, ਪ੍ਰਤਿਭਾ ਸਿਵਾ ਸੁਬਰਾਮਨੀਅਮ, ਧਰਮਿੰਦਰ ਕੁਮਾਰ, ਅਫਸਰ ਜਾਫਰੀ, ਕਾਨੀਆ, ਸਚਿਨ ਸ਼ਰਮਾ (ਸਾਰੇ ਬੁਲਾਰੇ), ਰਾਕੇਸ਼ ਟਿਕੈਤ, ਯੁਧਵੀਰ ਸਿੰਘ, ਅਵਤਾਰ ਮੇਹਲੋਂ, ਅਜਮੇਰ ਮੇਹਲੋਂ, ਰਤਨ ਮਾਨ (ਹਰਿਆਣਾ), ਗੋਪਾਲਾ (ਕਰਨਾਟਕਾ), ਜਗਦੀਸ਼ ਸਿੰਘ (ਮਪ੍ਰ), ਸੁਰਿੰਦਰ ਸਿੰਘ (ਯੂਪੀ), ਧਰਮਿੰਦਰ ਮਲਿਕ (ਯੂਪੀ), ਕੇਵੀ ਰਾਜਕੁਮਾਰ (ਤਾਮਿਲਨਾਡੂ), ਵਿੱਦਿਆਧਰ ਸਿੰਘ ਉਲਖਾ (ਰਾਜਸਥਾਨ), ਵਿਜੈ ਜਵੰਧਾ (ਨਾਗਪੁਰ), ਰਵਿੰਦਰ ਸਿੰਘ ਰਾਣਾ (ਉਤਰਾਖੰਡ), ਸਚਿਨ ਆਦਿ ਹਾਜ਼ਰ ਸਨ।