ਹਰਜੋਤ ਸਿੰਘ ਅਰੋੜਾ, ਲੁਧਿਆਣਾ

ਲੋਕ ਸਭਾ ਚੋਣਾਂ ਲਈ 19 ਮਈ ਨੂੰ ਪੈਣ ਵਾਲੀਆਂ ਵੋਟਾਂ ਸਬੰਧੀ ਪ੍ਰਚਾਰ ਲਈ ਤੈਅ ਸਮਾਂ ਸੀਮਾ 17 ਮਈ ਸ਼ਾਮ ਨੂੰ 6 ਵਜੇ ਸਮਾਪਤ ਹੋਣ ਉਪਰੰਤ ਆਦਰਸ਼ ਚੋਣ ਜ਼ਾਬਤੇ ਅਧੀਨ ਪਾਬੰਦੀਆਂ ਲਾਗੂ ਹੋ ਗਈਆਂ ਹਨ। ਇਸ ਸਬੰਧੀ ਜ਼ਿਲ੍ਹਾ ਚੋਣ ਅਫਸਰ-ਕਮ-ਡੀਸੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਚੋਣ ਪ੍ਰਚਾਰ ਲਈ ਤੈਅ ਸੀਮਾ ਜੋ ਕਿ ਲੋਕ ਪ੍ਰਤੀਨਿੱਧਤਾ ਐਕਟ 1951 ਦੀ ਧਾਰਾ 126 ਅਨੁਸਾਰ ਤੈਅ ਕੀਤੀ ਗਈ ਹੈ। ਇਸ ਅਨੁਸਾਰ ਵੋਟਾਂ ਪੈਣ ਦਾ ਕਾਰਜ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਕੀਤਾ ਜਾਣਾ ਹੈ ਤੇ ਇਹ ਸਮਾਂ ਸ਼ੁਰੂ ਹੁੰਦੇ ਸਾਰ ਚੋਣ ਪ੍ਰਚਾਰ ਲਈ ਹਲਕੇ 'ਚ ਵੋਟਰ ਵਜੋਂ ਰਜਿਸਟਰ ਨਾ ਹੋਣ ਦੇ ਬਾਵਜੂਦ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਨ ਲਈ ਆਏ ਸਿਆਸੀ ਆਗੂਆਂ, ਪਾਰਟੀ ਵਰਕਰਾਂ, ਕੰਪੇਨ ਵਰਕਰਾਂ ਨੂੰ ਹਲਕੇ 'ਚੋਂ ਬਾਹਰ ਜਾਣਾ ਪਵੇਗਾ। ਜ਼ਿਲ੍ਹਾ ਚੋਣ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਇਹ ਯਕੀਨੀ ਬਣਾਵੇਗਾ ਕਿ ਪ੍ਰਚਾਰ ਲਈ ਤੈਅ ਸਮਾਂ ਸਮਾਪਤ ਹੁੰਦੇ ਹੀ ਹਲਕੇ 'ਚ ਸਿਰਫ਼ ਰਜਿਸਟਰਡ ਵੋਟਰ ਹੀ ਹੋਣ। ਬਾਹਰਲਾ ਵਿਅਕਤੀ ਨਾ ਹੋਵੇ ਪਰ ਜਿਸ ਹਲਕੇ 'ਚ ਲੋਕ ਸਭਾ/ਵਿਧਾਨ ਸਭਾ 'ਚ ਵੋਟਾਂ ਪੈ ਰਹੀਆਂ ਹਨ, ਉਸ ਹਲਕੇ ਦੇ ਚੁਣੇ ਹੋਏ ਐੱਮਪੀ ਜਾਂ ਐੱਮਐੱਲਏ ਜੇਕਰ ਉਸ ਹਲਕੇ ਦਾ ਵੋਟਰ ਨਾ ਵੀ ਹੋਵੇ ਤਾਂ ਵੀ ਉਸ ਨੂੰ ਹਲਕੇ 'ਚੋਂ ਬਾਹਰ ਜਾਣ ਲਈ ਨਹੀਂ ਕਿਹਾ ਜਾ ਸਕਦਾ। ਇਨ੍ਹਾਂ ਹੁਕਮਾਂ ਦੇ ਪਾਲਣਾ ਲਈ ਚੋਣ ਅਮਲ 'ਚ ਲੱਗਿਆ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਅਧੀਨ ਆਉਂਦੇ ਖੇਤਰ 'ਚ ਸਥਿਤ ਕਮਿਊਨਿਟੀ ਸੈਂਟਰ/ਧਰਮਸ਼ਾਲਾ/ਲੌਜ/ਗੈਸਟ ਹਾਊਸ ਤੇ ਹੋਰ ਅਜਿਹੀਆਂ ਥਾਵਾਂ ਦੀ ਚੈਕਿੰਗ ਕੀਤੀ ਜਾਵੇ ਤੇ ਇਨ੍ਹਾਂ ਥਾਵਾਂ 'ਤੇ ਠਹਿਰਨ ਵਾਲਿਆਂ ਦੀ ਸੂਚੀ 'ਤੇ ਨਿਗਾਹ ਰੱਖੀ ਜਾਵੇ। ਉਨ੍ਹਾਂ ਦੇ ਸ਼ਨਾਖਤੀ ਪੱਤਰ ਵੀ ਦੇਖੇ ਜਾਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਇਸ ਗੱਲ ਨੂੰ ਯਕੀਨੀ ਬਣਾਵੇਗਾ ਜਿਨ੍ਹਾਂ ਸਿਆਸੀ ਆਗੂਆਂ ਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਉਹ ਚੋਣ ਪ੍ਰਚਾਰ ਲਈ ਤੈਅ ਸਮਾਂ ਸੀਮਾ ਸਮਾਪਤ ਹੋਣ ਤੋਂ ਬਾਅਦ ਵੋਟਾਂ ਵਾਲੇ ਦਿਨ ਵੋਟਾਂ ਪੈਣ ਦੇ ਨਿਸ਼ਚਿਤ ਸਮੇਂ ਤਕ ਜਿਸ ਹਲਕੇ 'ਚ ਉਨ੍ਹਾਂ ਦੀ ਵੋਟ ਬਣੀ ਹੈ, ਉਥੇ ਹੀ ਰਹਿਣਗੇ। ਇਹ ਹੁਕਮ ਚੋਣ ਲੜ ਰਹੇ ਉਮੀਦਵਾਰਾਂ 'ਤੇ ਲਾਗੂ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਚੋਣ ਲੜ ਰਹੀਆਂ ਪਾਰਟੀਆਂ ਦੇ ਰਾਜ ਇਕਾਈ ਦੇ ਇੰਚਾਰਜ 'ਤੇ ਇਹ ਹੁਕਮ ਲਾਗੂ ਨਹੀਂ ਹੋਣਗੇ, ਪਰ ਉਹ ਇਸ ਸਮੇਂ ਦੌਰਾਨ ਪਾਰਟੀ ਦੇ ਰਾਜ ਮੁੱਖ ਦਫ਼ਤਰ ਤੇ ਆਪਣੇ ਰਿਹਾਇਸ਼ੀ ਸਥਾਨ ਜਿਸ ਬਾਰੇ ਕਿ ਉਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਹੋਵੇ, ਦਰਮਿਆਨ ਹੀ ਆਉਣ ਜਾਣ ਦੀ ਪ੍ਰਵਾਨਗੀ ਹੋਵੇਗੀ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਭਾਵ ਚੋਣ ਪ੍ਰਚਾਰ ਖਤਮ ਹੁੰਦੇ ਹੀ ਉਕਤ ਹਦਾਇਤਾਂ ਤੋਂ ਇਲਾਵਾ ਰੇਡੀਓ ਤੇ ਟੈਲੀਵੀਜ਼ਨ 'ਤੇ ਹੋਣ ਵਾਲੇ ਪ੍ਰਚਾਰ 'ਤੇ ਵੀ ਰੋਕ ਲੱਗ ਜਾਵੇਗੀ।

17 ਮਈ ਨੂੰ ਸ਼ਾਮ 6 ਵਜੇ ਤੋਂ ਬਾਅਦ ਕੋਈ ਵੀ ਰੇਡੀਓ 'ਤੇ ਟੈਲੀਵੀਜ਼ਨ, ਸਿਨੇਮਾ ਸਮੇਤ ਅਜਿਹੇ ਹੋਰ ਕਿਸੇ ਵੀ ਸਾਧਨ 'ਤੇ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੇ ਪੱਤਰ 3/9/2007 ਜੇਐੱਸ-11 ਮਿਤੀ 3 ਅਗਸਤ 2007 ਅਨੁਸਾਰ ਚੋਣ ਪ੍ਰਚਾਰ ਲਈ ਤੈਅ ਸਮਾਂ ਸੀਮਾ ਸਮਾਪਤ ਹੁੰਦੇ ਹੀ ਕੋਈ ਵੀ ਟੀਵੀ ਤੇ ਰੇਡੀਓ ਕਿਸੇ ਵੀ ਪਾਰਟੀ ਦੇ ਪ੍ਰਚਾਰ ਲਈ ਇਸ਼ਤਿਹਾਰ ਜਾਂ ਉਸ ਨਾਲ ਮਿਲਦਾ-ਜੁਲਦਾ ਪ੍ਰਰੋਗਰਾਮ ਨਹੀਂ ਚਲਾ ਸਕਣਗੇ। 18 ਮਈ ਤੇ 19 ਮਈ ਨੂੰ ਛਪਣ ਵਾਲੀਆਂ ਅਖ਼ਬਾਰਾਂ 'ਚ ਇਸ਼ਤਿਹਾਰ ਦੇਣ ਤੋਂ ਪਹਿਲਾਂ ਚੋਣ 'ਚ ਹਿੱਸਾ ਲੈ ਰਹੀਆਂ ਪਾਰਟੀਆਂ ਤੇ ਉਮੀਦਵਾਰ ਆਪਣੇ ਇਸ਼ਤਿਹਾਰ ਚੋਣ ਦਫ਼ਤਰ ਦੀ ਪ੍ਰਵਾਨਗੀ ਉਪਰੰਤ ਹੀ ਛਾਪ ਸਕਦੇ ਹਨ।

ਇਸ ਦੌਰਾਨ ਬਲਕ ਐੱਸਐੱਮਐੱਸ, ਸੋਸ਼ਲ ਮੀਡੀਆ ਤੇ ਆਈਵੀਆਰਐੱਸ ਸੁਨੇਹਿਆਂ ਰਾਹੀਂ ਵੀ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ 'ਤੇ ਪਾਬੰਦੀ ਰਹੇਗੀ। ਇਹ ਪਾਬੰਦੀ 17 ਮਈ ਨੂੰ ਸ਼ਾਮ 6 ਵਜੇ ਤਕ ਲਾਗੂ ਹੋ ਗਈ ਹੈ। ਇਸ ਦੌਰਾਨ ਪਿ੍ਰੰਟ ਮੀਡੀਆ 'ਚ ਪ੍ਰਕਾਸ਼ਿਤ ਹੋਣ ਵਾਲੀਆਂ ਸਿਆਸੀ ਪਾਰਟੀਆਂ, ਉਮੀਦਵਾਰਾਂ ਤੇ ਚੋਣਾਂ ਸਬੰਧੀ ਕਿਸੇ ਕਿਸਮ ਦੇ ਵੀ ਇਸ਼ਤਿਹਾਰ ਨੂੰ ਜਾਰੀ ਕਰਨ ਤੋਂ ਪਹਿਲਾਂ ਜ਼ਿਲ੍ਹਾ ਪੱਧਰੀ ਐੱਮਸੀਐੱਮਸੀ ਤੋਂ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗਾ।