ਸਟਾਫ ਰਿਪੋਰਟਰ, ਖੰਨਾ : ਸਿਰਫ਼ 4 ਸੈਕਿੰਡ ਦੀ ਇੱਕ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਕੇ ਅਜਿਹਾ ਬਵਾਲ ਖੰਨਾ ਪੁਲਿਸ 'ਚ ਮਚਾ ਦਿੱਤਾ ਕਿ ਇੱਕ ਟ੍ਰੈਫਿਕ ਪੁਲਿਸ ਖੰਨਾ ਦੇ ਏਐੱਸਆਈ ਨੂੰ ਬੁੱਧਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ। ਐੱਸਐੱਸਪੀ ਖੰਨਾ ਗੁਰਸ਼ਰਨਦੀਪ ਸਿੰਘ ਨੇ ਇਸ ਸਬੰਧੀ ਹੁਕਮ ਬੁੱਧਵਾਰ ਨੂੰ ਦਿੱਤੇ ਹਨ, ਹਾਲਾਂਕਿ ਏਐੱਸਆਈ ਬਲਵਿੰਦਰ ਸਿੰਘ ਖ਼ੁਦ ਨੂੰ ਬੇਕਸੂਰ ਦੱਸ ਰਹੇ ਹਨ।

ਜਾਣਕਾਰੀ ਅਨੁਸਾਰ ਟ੍ਰੈਫ਼ਿਕ ਪੁਲਿਸ ਦੇ ਏਐੱਸਆਈ ਬਲਵਿੰਦਰ ਸਿੰਘ ਦੀ ਇਸ ਵੀਡੀਓ 'ਚ ਉਹ ਨੈਸ਼ਨਲ ਹਾਈਵੇ 'ਤੇ ਇੱਕ ਟੈਂਪੂ ਵਾਲੇ ਤੋਂ ਕੁੱਝ ਫੜ ਰਹੇ ਹਨ। ਸ਼ੱਕ ਇਹ ਹੈ ਕਿ ਬਲਵਿੰਦਰ ਸਿੰਘ ਨੇ ਟੈਂਪੂ ਵਾਲੇ ਤੋਂ ਰਿਸ਼ਵਤ ਦੇ ਰੁਪਏ ਲਏ ਹਨ।

ਵੀਡੀਓ ਤਿੰਨ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ। ਇਸ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਐੱਸਐੱਸਪੀ ਨੇ ਬੁੱਧਵਾਰ ਨੂੰ ਬਲਵਿੰਦਰ ਖ਼ਿਲਾਫ਼ ਕਾਰਵਾਈ ਕਰ ਦਿੱਤੀ। ਵੀਡੀਓ 'ਚ ਬਲਵਿੰਦਰ ਸਿੰਘ ਲਲਹੇੜੀ ਰੋਡ ਚੌਂਕ 'ਤੇ ਖੜ੍ਹੇ ਹਨ। ਇੱਕ ਟੈਂਪੂ ਰੁਕਦਾ ਹੈ ਤੇ ਬਲਵਿੰਦਰ ਸਿੰਘ ਕਲੀਨਰ ਵਾਲੀ ਸਾਈਡ 'ਤੇ ਬੈਠੇ ਵਿਅਕਤੀ ਤੋਂ ਕੁੱਝ ਫੜ ਕੇ ਵਾਪਿਸ ਆਉਂਦੇ ਹਨ ਹਾਲਾਂਕਿ ਇਹ ਸਾਫ਼ ਨਹੀਂ ਹੋਇਆ ਕਿ ਬਲਵਿੰਦਰ ਸਿੰਘ ਨੇ ਟੈਂਪੂ ਵਾਲੇ ਤੋਂ ਲਿਆ ਕੀ ਹੈ ਪਰ ਐੱਸਐੱਸਪੀ ਗਰੇਵਾਲ ਨੇ ਮਾਮਲੇ 'ਤੇ ਸਖ਼ਤ ਰੁਖ਼ ਅਪਣਾਇਆ। ਏਐੱਸਆਈ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਰਿਸ਼ਵਤ ਨਹੀਂ ਲਈ। ਆਪਣੀ ਸਫਾਈ ਉਹ ਅਫ਼ਸਰਾਂ ਦੇ ਸਾਹਮਣੇ ਰੱਖਣਗੇ। ।

Posted By: Jagjit Singh