ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਮੁੱਲਾਂਪੁਰ ਵਾਲੀ ਸਾਈਡ ਤੋਂ ਅੰਨ੍ਹੇਵਾਹ ਦੌੜੀ ਆ ਰਹੀ ਪੀਆਰਟੀਸੀ ਦੀ ਬੱਸ ਨੇ ਮੋਟਰਸਾਈਕਲ ਸਵਾਰ ਪਿਓ ਪੁੱਤ ਨੂੰ ਟੱਕਰ ਮਾਰ ਦਿੱਤੀ। ਮੌਕੇ 'ਤੇ ਮੌਜੂਦ ਰਾਜਗੁਰੂ ਨਗਰ ਦੇ ਵਾਸੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਇੱਕ ਵਾਰੀ ਤਾਂ ਇੰਝ ਲੱਗਿਆ ਕਿ ਜਿਵੇਂ ਬੱਸ ਦੋਵਾਂ ਦੇ ਉੱਪਰ ਚੜ੍ਹ ਗਈ ਹੋਵੇ ,ਪਰ ਜਦੋਂ ਭੀੜ ਨੇ ਬੱਸ ਦੇ ਹੇਠਾਂ ਝਾਤੀ ਮਾਰੀ ਤਾਂ ਸਾਹਮਣੇ ਆਇਆ ਕਿ ਬੱਸ ਦੇ ਹੇਠਾਂ ਮੋਟਰਸਾਈਕਲ ਸੀ ਤੇ ਪਿਓ ਪੁੱਤ ਇੱਕ ਸਾਈਡ 'ਤੇ ਡਿੱਗੇ ਹੋਏ ਸਨ। ਬੱਸ ਦੇ ਹੇਠਾਂ ਆਉਣ ਕਾਰਨ ਮੋਟਰਸਾਈਕਲ ਦਾ ਅਗਲਾ ਚੱਕਾ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ। ਹਾਦਸਾ ਦੇਖ ਕੇ ਆਲੇ-ਦੁਆਲੇ ਦੇ ਲੋਕ ਬੁਰੀ ਤਰ੍ਹਾਂ ਭੜਕ ਗਏ ਤੇ ਉਨ੍ਹਾਂ ਨੇ ਡਰਾਈਵਰ ਤੇ ਕੰਡਕਟਰ ਦੀ ਕੁੱਟਮਾਰ ਕੀਤੀ। ਇਸ ਹਾਦਸੇ ਦੇ ਦੌਰਾਨ ਪਿਓ ਪੁੱਤ ਵਾਲ ਵਾਲ ਬਚੇ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮੁੱਲਾਂਪੁਰ ਦੇ ਲਾਗੇ ਪੈਂਦੇ ਪਿੰਡ ਜਾਂਗਪੁਰ ਦੇ ਵਾਸੀ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਬੁੱਧਵਾਰ ਦੁਪਹਿਰ ਦੋ ਵਜੇ ਦੇ ਕਰੀਬ ਆਪਣੇ 12 ਸਾਲਾਂ ਦੇ ਪੁੱਤਰ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਾਂਗਪੁਰ ਤੋਂ ਲੁਧਿਆਣਾ ਆ ਰਹੇ ਸਨ। ਉਨ੍ਹਾਂ ਦਾ ਮੋਟਰਸਾਈਕਲ ਅਜੇ ਅਗਰ ਨਗਰ ਦੇ ਕੋਲ ਹੀ ਪਹੁੰਚਿਆ ਸੀ ਕਿ ਪਿੱਛੋਂ ਆ ਰਹੀ ਪੀਆਰਟੀਸੀ ਦੀ ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਸੰਤੁਲਨ ਵਿਗੜ ਜਾਣ ਕਾਰਨ ਜਗਦੀਪ ਸਿੰਘ ਦਾ ਮੋਟਰਸਾਈਕਲ ਬੱਸ ਦੇ ਹੇਠਾਂ ਜਾ ਵੜਿਆ। ਸ਼ਹਿਰ ਦੇ ਵਿੱਚੋ ਵਿੱਚ ਬਣ ਰਹੇ ਫਲਾਈਓਵਰ ਕਾਰਨ ਲੋਕਾਂ ਨੂੰ ਇੰਝ ਲੱਗਿਆ ਕਿ ਮੋਟਰਸਾਈਕਲ ਸਵਾਰ ਬੱਸ ਦੇ ਹੇਠਾਂ ਆ ਗਏ ਹਨ ,ਪਰ ਜਦ ਲੋਕਾਂ ਨੇ ਬੱਸ ਦੇ ਹੇਠਾਂ ਝਾਤੀ ਮਾਰੀ ਤਾਂ ਪਤਾ ਲੱਗਾ ਕਿ ਪਿਓ ਪੁੱਤ ਇੱਕ ਪਾਸੇ ਡਿੱਗੇ ਹੋਏ ਹਨ ਤਰ ਬੱਸ ਦਾ ਪਹੀਆ ਮੋਟਰਸਾਈਕਲ ਤੇ ਚੜ੍ਹ ਗਿਆ ਸੀ। ਗੁੱਸੇ ਵਿੱਚ ਆਏ ਲੋਕਾਂ ਨੇ ਕੰਡਕਟਰ ਤੇ ਡਰਾਈਵਰ ਨੂੰ ਹੇਠਾਂ ਉਤਾਰ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਹਾਦਸੇ ਤੋਂ ਬਾਅਦ ਸੜਕ ਤੇ ਜਾਮ ਲੱਗ ਗਏ। ਕੁਝ ਰਾਹਗੀਰਾਂ ਵੱਲੋਂ ਦਖ਼ਲ ਦੇਣ ਤੋਂ ਬਾਅਦ ਮਾਮਲਾ ਹੱਲ ਹੋਇਆ ਤੇ ਮੋਟਰਸਾਈਕਲ ਨੂੰ ਏਜੰਸੀ ਠੀਕ ਕਰਵਾਉਣ ਲਈ ਭੇਜ ਦਿੱਤਾ ਗਿਆ। ਲੋਕਾਂ ਵੱਲੋਂ ਬੱਸ ਭੇਜ ਕੇ ਟ੍ਰੈਫ਼ਿਕ ਵਿਵਸਥਾ ਨੂੰ ਸੁਚਾਰੂ ਕਰਵਾਇਆ ਗਿਆ।

Posted By: Amita Verma