ਰਾਕੇਸ਼ ਗਾਂਧੀ, ਜਲੰਧਰ- ਨਕੋਦਰ ਚੌਕ ਵਿੱਚ ਉਸ ਵੇਲੇ ਕੁਝ ਦੁਕਾਨਦਾਰਾਂ ਵੱਲੋਂ ਧਰਨਾ ਲਾ ਕੇ ਟ੍ਰੈਫਿਕ ਪੁਲਿਸ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਨ੍ਹਾਂ 'ਚੋਂ ਇੱਕ ਦੁਕਾਨਦਾਰ ਦੀ ਟਰੈਕਟਰ ਟਰਾਲੀ ਨੂੰ ਨੋ ਐਂਟਰੀ ਵਿੱਚ ਜਾਣ ਤੋਂ ਰੋਕਿਆ ਗਿਆ ਅਤੇ ਕੋਈ ਦਸਤਾਵੇਜ਼ ਨਾ ਹੋਣ ਕਾਰਨ ਉਸ ਨੂੰ ਬਾਊਂਡ ਕਰ ਲਿਆ ਗਿਆ ।ਜਾਣਕਾਰੀ ਅਨੁਸਾਰ ਟ੍ਰੈਫਿਕ ਪੁਲਿਸ ਦੇ ਏ.ਐੱਸ.ਆਈ ਜਸਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਨਕੋਦਰ ਚੌਕ ਵਿਚ ਨਾਕਾਬੰਦੀ ਕੀਤੀ ਹੋਈ ਸੀ ਕਿ ਇੱਕ ਟਰੈਕਟਰ ਟਰਾਲੀ ਨੋ ਐਂਟਰੀ ਜ਼ੋਨ ਵਿੱਚ ਵੜ ਗਈ। ਏਐੱਸਆਈ ਜਸਵਿੰਦਰ ਸਿੰਘ ਨੇ ਉਸ ਨੂੰ ਰੋਕਿਆ ਅਤੇ ਉਸ ਦੇ ਕਾਗਜ਼ਾਤ ਦਿਖਾਉਣ ਨੂੰ ਕਿਹਾ ਪਰ ਟਰੈਕਟਰ ਚਲਾ ਰਹੇ ਨੌਜਵਾਨ ਕੋਲ ਕੋਈ ਵੀ ਕਾਗਜ਼ਾਤ ਨਾ ਹੋਣ ਕਾਰਨ ਪੁਲਿਸ ਨੇ ਉਕਤ ਟਰੈਕਟਰ ਟਰਾਲੀ ਬਾਊਂਡ ਕਰ ਲਈ।

ਜਦ ਡਰਾਈਵਰ ਨੇ ਜਾ ਕੇ ਦੁਕਾਨ ਦੇ ਮਾਲਿਕ ਨੂੰ ਇਹ ਗੱਲ ਦੱਸੀ ਤਾਂ ਉਹ ਆਪਣੇ ਕੁਝ ਹੋਰ ਦੁਕਾਨਦਾਰਾਂ ਨੂੰ ਨਾਲ ਲੈ ਕੇ ਨਕੋਦਰ ਚੌਕ ਵਿੱਚ ਪਹੁੰਚਿਆ ਜਿੱਥੇ ਉਨ੍ਹਾਂ ਦੀ ਏਐਸਆਈ ਨਾਲ ਬਹਿਸਬਾਜ਼ੀ ਵੀ ਹੋ ਗਈ। ਇਸ ਤੋਂ ਬਾਅਦ ਦੁਕਾਨਦਾਰਾਂ ਨੇ ਚੌਕ ਵਿੱਚ ਹੀ ਧਰਨਾ ਲਗਾ ਦਿੱਤਾ ਅਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ। ਧਰਨੇ ਦੀ ਸੂਚਨਾ ਮਿਲਦੇ ਹੀ ਏਸੀਪੀ ਟਰੈਫਿਕ ਜੰਗ ਬਹਾਦਰ ਸ਼ਰਮਾ ਮੌਕੇ 'ਤੇ ਪਹੁੰਚੇ ਅਤੇ ਦੁਕਾਨਦਾਰਾਂ ਦੀ ਗੱਲਬਾਤ ਸੁਣੀ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਕਿਸੇ ਵੀ ਟਰੈਕਟਰ ਟਰਾਲੀ ਨੂੰ ਨੋ ਐਂਟਰੀ ਜ਼ੋਨ ਵਿੱਚ ਵੜਨ ਦੀ ਇਜਾਜ਼ਤ ਨਹੀਂ ਹੈ ਅਤੇ ਜਿਹੜਾ ਵੀ ਕਰੇਗਾ ਉਸ ਦਾ ਚਲਾਨ ਹੋਵੇਗਾ। ਦੁਕਾਨਦਾਰਾਂ ਦੇ ਕਹਿਣ 'ਤੇ ਏਸੀਪੀ ਜੰਗ ਬਹਾਦਰ ਨੇ ਬਾਊਂਡ ਹੋਈ ਟਰਾਲੀ ਦੁਕਾਨਦਾਰ ਵੱਲੋਂ ਆਰਸੀ ਜਮ੍ਹਾਂ ਕਰਾਉਣ ਤੋਂ ਬਾਅਦ ਉਨ੍ਹਾਂ ਨੂੰ ਟਰੈਕਟਰ ਟਰਾਲੀ ਵਾਪਸ ਕਰ ਦਿੱਤੀ। ਜਦ ਇਸ ਬਾਰੇ ਏਸੀਪੀ ਟਰੈਫਿਕ ਜੰਗ ਬਹਾਦਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਧਰਨਾ ਲਾ ਕੇ ਪੁਲਿਸ ਉੱਪਰ ਦਬਾਅ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Posted By: Amita Verma