ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਰੇਲਵੇ ਵਿਭਾਗ 'ਚ ਅੱਜ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ, ਜਦੋਂ ਜਲੰਧਰ ਤੋਂ ਪਠਾਨਕੋਟ ਲਈ ਜਾਣ ਵਾਲੀ 74901 ਅੱਪ ਡੀਐੱਮਯੂ ਗੱਡੀ ਦੇ ਇੰਜਣ ਨੂੰ ਤਕਨੀਕੀ ਖ਼ਰਾਬੀ ਕਾਰਨ ਅੱਗ ਲੱਗ ਗਈ।

ਜਾਣਕਾਰੀ ਅਨੁਸਾਰ ਜਲੰਧਰ ਤੋਂ ਪਠਾਨਕੋਟ ਰਵਾਨਾ ਹੋਈ ਲੋਕਲ ਰੇਲਗੱਡੀ ਜਦੋਂ ਕਾਲਾ ਬੱਕਰਾ ਸਟੇਸ਼ਨ ਲੰਘ ਕੇ ਜੱਲੋਵਾਲ ਕਾਲੋਨੀ ਨੇੜੇ ਪਹੁੰਚੀ ਤਾਂ ਅਚਾਨਕ ਗੱਡੀ ਦੇ ਇੰਜਣ ਦੇ ਪਿਛਲੇ ਹਿੱਸੇ 'ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਧੂੰਆਂ ਹੌਲੀ-ਹੌਲੀ ਅੱਗ ਵਿਚ ਤਬਦੀਲ ਹੋਣਾ ਸ਼ੁਰੂ ਹੋ ਗਿਆ। ਅੱਗ ਦਾ ਪਤਾ ਲੱਗਣ 'ਤੇ ਡਰਾਈਵਰ ਨੇ ਦਲੇਰੀ ਤੇ ਰੇਲਵੇ ਮੁਲਾਜ਼ਮਾਂ ਦੀ ਮਦਦ ਨਾਲ ਭੋਗਪੁਰ ਸਟੇਸ਼ਨ ਪਹੁੰਚਣ 'ਤੇ ਤੁਰੰਤ ਇੰਜਣ ਦੇ ਪਿਛਲੇ ਡੱਬਿਆਂ ਨੂੰ ਵੱਖਰੇ ਕਰ ਦਿੱਤਾ ਤਾਂ ਜੋ ਰੇਲ ਦੇ ਬਾਕੀ ਹਿੱਸੇ ਨੂੰ ਅੱਗ ਦੀ ਲਪੇਟ ਤੋਂ ਬਚਾਇਆ ਜਾ ਸਕੇ।

ਇਸ ਦੌਰਾਨ ਰੇਲਵੇ ਅਧਿਕਾਰੀਆਂ ਵਲੋਂ ਜਲੰਧਰ ਤੋ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤੁਰੰਤ ਬੁਲਾਇਆ ਗਿਆ ਅਤੇ ਭੋਗਪੁਰ ਸਟੇਸ਼ਨ ਪਹੁੰਚਣ 'ਤੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਬੇਕਾਬੂ ਹੋਈ ਅੱਗ ਉੱਪਰ ਕਾਬੂ ਪਾਇਆ ਗਿਆ।

ਤਕਨੀਕੀ ਖ਼ਰਾਬੀ ਨਾਲ ਲੱਗੀ ਅੱਗ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਇੰਜਣ ਦੇ ਕਾਫੀ ਹਿੱਸੇ ਤਕ ਅੱਗ ਪਹੁੰਚਣ ਨਾਲ ਮਾਲੀ ਨੁਕਸਾਨ ਕਾਫ਼ੀ ਹੋ ਗਿਆ। ਰੇਲਵੇ ਅਧਿਕਾਰੀਆਂ ਵੱਲੋ ਮੰਗਵਾਏ ਦੂਸਰੇ ਰੇਲ ਦੇ ਇੰਜਣ ਨਾਲ ਗੱਡੀ ਨੂੰ ਰਵਾਨਾ ਕਰ ਦਿੱਤਾ ਗਿਆ।

Posted By: Seema Anand