ਜੇਐੱਨਐੱਨ, ਜਲੰਧਰ : ਬੁੱਧਵਾਰ ਨੂੰ ਸ਼ਾਮ 4.30 ਵਜੇ ਤੋਂ ਲੈ ਕੇ ਲਗਪਗ 6 ਵਜੇ ਤਕ ਚੱਲੀ ਹਨੇਰੀ ਤੇ ਮੀਂਹ ਨੇ ਹਫਤੇ 'ਚ ਦੂਸਰੀ ਵਾਰ ਕਹਿਰ ਵਰਾਇਆ। ਇਸ ਤੋਂ ਪਹਿਲਾਂ 17 ਅਪ੍ਰਰੈਲ ਨੂੰ ਬੁੱਧਵਾਰ ਦੇ ਹੀ ਦਿਨ ਹਨੇਰੀ ਤੇ ਮੀਂਹ ਨੇ ਕਹਿਰ ਵਰ੍ਹਾਇਆ ਸੀ। ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਗਰਮੀ ਦੀ ਮਾਰ ਝੱਲ ਰਹੇ ਲੋਕਾਂ ਨੇ ਬਾਰਸ਼ ਤੇ ਹਨੇਰੀ ਕਾਰਨ ਰਾਹਤ ਦਾ ਸਾਹ ਜ਼ਰੂਰ ਲਿਆ ਪਰ ਸਾਲ ਭਰ ਦੀ ਮਿਹਨਤ ਦੀ ਵਸੂਲੀ ਕਰਨ ਦੇ ਸਮੇਂ ਆਪਣੀ ਫਸਲ ਨੂੰ ਬਰਬਾਦ ਹੰੁਦਾ ਦੇਖ ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਜ਼ਰੂਰ ਖਿੱਚੀਆਂ ਗਈਆਂ।

ਦਰਅਸਲ, ਪਿਛਲੇ ਕਈ ਦਿਨਾਂ ਤੋਂ 40 ਡਿਗਰੀ ਸੈਲਸੀਅਸ ਨਾਲ ਗਰਮੀ ਦਾ ਕਹਿਰ ਵਰ੍ਹ ਰਿਹਾ ਸੀ। ਉਥੇ ਬੁੱਧਵਾਰ ਨੂੰ ਦਿਨ ਢਲਦੇ ਹੀ ਹਨੇਰੀ ਤੇ ਤੇਜ਼ ਮੀਂਹ ਨੇ ਪਾਰਾ ਡੇਗ ਦਿੱਤਾ ਤੇ ਦੇਰ ਰਾਤ ਤਕ ਮੌਸਮ ਸੁਹਾਵਣਾ ਬਣਿਆ ਰਿਹਾ। ਹਾਲਾਂਕਿ ਬਾਰਸ਼ ਘੱਟ ਹੋਣ ਕਾਰਨ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ। ਲਿਹਾਜ਼ਾ ਸੜਕਾਂ 'ਤੇ ਚਿੱਕੜ ਜ਼ਰੂਰ ਜਮ੍ਹਾਂ ਹੋ ਗਿਆ।

ਕਈ ਇਲਾਕਿਆਂ 'ਚ ਗੁੱਲ ਹੋਈ ਬਿਜਲੀ

ਬੁੱਧਵਾਰ ਨੂੰ ਹਨੇਰੀ ਤੇ ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਬਿਜਲੀ ਗੁੱਲ ਰਹੀ ਜਿਸ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋਈ। ਹਰਦੇਵ ਨਗਰ, ਨਿਊ ਹਰਦੇਵ ਨਗਰ, ਗੁਰੂ ਨਾਨਕਪੁਰਾ, ਸੰਜੇ ਗਾਂਧੀ ਨਗਰ, ਸ਼ੇਖਾਂ ਬਾਜ਼ਾਰ, ਰੈਣਕ ਬਾਜ਼ਾਰ, ਅਟਾਰੀ ਬਾਜ਼ਾਰ, ਪੀਰ ਬੋਦਲਾਂ ਬਾਜ਼ਾਰ, ਸੇਠ ਹੁਕਮ ਚੰਦ ਕਾਲੋਨੀ, ਕਾਲੀਆ ਕਾਲੋਨੀ, ਆਬਾਦਪੁਰਾ, ਨੌਹਰੀਆਂ ਮੁਹੱਲਾ, ਗੁੜ ਮੰਡੀ, ਇਮਾਮ ਨਾਸਿਰ, ਚੜ੍ਹਤ ਸਿੰਘ ਬਾਜ਼ਾਰ, ਚਰਨਜੀਤਪੁਰਾ, ਮਹਿੰਦਰੂ ਮੁਹੱਲਾ, ਗੁਰੂ ਤੇਗ ਬਹਾਦਰ ਨਗਰ, ਵਡਾਲਾ ਚੌਕ, ਰਾਜਾ ਗਾਰਡਨ, ਰਾਜਿੰਦਰ ਨਗਰ, ਮਾਡਲ ਹਾਊਸ ਸਮੇਤ ਕਈ ਇਲਾਕਿਆਂ ਵਿਚ ਇਕ ਤੋਂ ਡੇਢ ਘੰਟੇ ਤਕ ਬਿਜਲੀ ਗੁੱਲ ਰਹੀ।

ਮੰਡੀ 'ਚ ਫਸਲ ਨਾਲ ਪਹੁੰਚੀ ਪਰੇਸ਼ਾਨੀ

ਫਸਲ ਦੀ ਖਰੀਦ ਦਾ ਸੀਜ਼ਨ ਪੂਰੇ ਜੋਬਨ 'ਤੇ ਹੈ ਜਿਸ ਨੂੰ ਲੈ ਕੇ ਬੁੱਧਵਾਰ ਨੂੰ ਮੰਡੀਆਂ ਵਿਚ ਫਸਲ ਲੈ ਕੇ ਪਹੁੰਚੇ ਕਿਸਾਨਾਂ ਨੂੰ ਬਾਰਸ਼ ਨੇ ਨਿਰਾਸ਼ ਕਰ ਦਿੱਤਾ। ਕਾਰਨ, ਮੰਡੀ ਵਿਚ ਢੇਰ ਲਗਾਉਣ ਤੋਂ ਬਾਅਦ ਅਚਾਨਕ ਖਰਾਬ ਹੋਣ ਮੌਸਮ ਕਾਰਨ ਇਸ ਨੂੰ ਸੰਭਾਲਣਾ ਚੁਣੌਤੀ ਬਣ ਗਿਆ। ਇਸ ਬਾਰੇ ਪਿੰਡ ਧੀਣਾ ਤੋਂ ਕਣਕ ਲੈ ਕੇ ਪਹੁੰਚੇ ਕਿਸਾਨ ਪਰਮਜੀਤ ਸਿੰਘ ਨੇ ਕਿਹਾ ਕਿ ਬਾਰਸ਼ ਕਾਰਨ ਹੁਣ ਕਣਕ 'ਚੋਂ ਨਮੀ ਖਤਮ ਕਰਨ ਲਈ ਦੁੱਗਣੀ ਮਿਹਨਤ ਕਰਨੀ ਪਵੇਗੀ।

ਅੱਜ ਵੀ ਸੁਹਾਵਣਾ ਰਹੇਗਾ ਮੌਸਮ

ਪੱਛਮੀ ਗੜਬੜੀ ਕਾਰਨ ਇਕ ਹਫਤੇ ਅੰਦਰ ਦੂਸਰੀ ਵਾਰ ਅਜਿਹੇ ਹਾਲਾਤ ਬਣੇ ਹਨ। ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਵੀ ਆਸਮਾਨ 'ਚ ਬੱਦਲ ਛਾਏ ਰਹਿਣਗੇ। ਇਸੇ ਤਰ੍ਹਾਂ ਤਿੰਨ ਮਈ ਤਕ ਰੋਜ਼ਾਨਾ ਧੁੱਪ ਖਿੜੇਗੀ। ਵਿਭਾਗ ਦੇ ਡਾਇਰੈਕਟਰ ਡਾ. ਸੁਰਿੰਦਰ ਪਾਲ ਦੱਸਦੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਮੌਸਮ ਸਾਫ ਰਹੇਗਾ ਤੇ ਤਾਪਮਾਨ ਵਿਚ ਵੀ ਨਿਸ਼ਚਿਤ ਰੂਪ ਵਿਚ ਵਾਧਾ ਹੋਵੇਗਾ।