ਬਲਵੀਰ ਸਿੰਘ ਖਾਲਸਾ, ਦਿਆਲਪੁਰਾ : ਸਰਹੱਦੀ ਪਿੰਡਾਂ 'ਚ ਲੁੱਟਾਂ-ਖੋਹਾਂ ਦਾ ਕਹਿਰ ਜਾਰੀ ਹੈ। ਲੁਟੇਰੇ ਆਏ ਦਿਨ ਹੀ ਲੋਕਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ। ਜਦੋਂਕਿ ਪੁਲਿਸ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਨਕਾਮ ਦਿਖ ਰਹੀ ਹੈ। ਤਾਜ਼ਾ ਘਟਨਾ ਅਨੁਸਾਰ ਪਿੰਡ ਕਲਸੀਆਂ ਕਲਾਂ ਵਾਸੀ ਐੱਲਆਈਸੀ ਏਜੰਟ ਦਿਲਬਾਗ ਸਿੰਘ ਕੋਲੋਂ ਦਾਤਰ ਦੀ ਨੋਕ 'ਤੇ 50 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਗਈ। ਘਟਨਾ ਦਾ ਪਤਾ ਚਲਦਿਆਂ ਹੀ ਮੌਕੇ 'ਤੇ ਪਹੁੰਚੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਲਬਾਗ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕਲਸੀਆਂ ਕਲਾਂ ਨੇ ਦੱਸਿਆ ਉਹ ਸ਼ਾਮ ਕਰੀਬ ਸਵਾ ਤਿੰਨ ਵਜੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰਿਆਲਾ ਤੋਂ ਪਿੰਡ ਕਲਸੀਆਂ ਕਲਾਂ ਨੂੰ ਜਾ ਰਿਹਾ ਸੀ। ਜਦੋਂ ਉਹ ਨਹਿਰ ਦੇ ਕੰਢੇ ਸੜਕ 'ਤੇ ਪੁੱਜਾ ਤਾਂ ਉਸਦੇ ਪਿੱਛੇ ਆ ਰਹੇ ਸਪਲੈਂਡਰ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਧੱਕੇ ਨਾਲ ਉਸ ਕੋਲੋਂ 50 ਹਜ਼ਾਰ ਰੁਪਏ ਦੀ ਨਕਦੀ ਤੇ ਵੀਵੋ ਨਾਈਨ ਦਾ ਮੋਬਾਈਲ ਲੁੱਟ ਲਿਆ। ਪੀੜਤ ਨੇ ਦੱਸਿਆ ਕਿ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਪਿੰਡ ਕਲਸੀਆਂ ਕਲਾਂ ਨੂੰ ਨਿਕਲ ਗਏ, ਜੋ ਕਿ ਕਲਸੀਆਂ ਕਲਾਂ ਵਿਖੇ ਸੀਸੀਟੀਵੀ ਕੈਮਰੇ ਵਿਚ ਕੈਦ ਹੋਏ ਵੀ ਦਿਖਾਈ ਦੇ ਰਹੇ ਹਨ। ਜਿਸ ਦੀ ਬਕਾਇਦਾ ਵੀਡੀਓ ਕਲਿੱਪ ਥਾਣਾ ਭਿੱੱਖੀਵਿੰਡ ਦੀ ਪੁਲਿਸ ਨੇ ਕਬਜ਼ੇ ਵਿਚ ਲੈ ਕੇ ਜਾਂਚ ਆਰੰਭ ਦਿੱਤੀ ਹੈ।


ਲੁਟੇਰੇ ਜਲਦ ਹੋਣਗੇ ਪੁਲਿਸ ਦੀ ਗ੍ਰਿਫਤ 'ਚ : ਥਾਣਾ ਮੁਖੀ

ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਮੁਖੀ ਬਲਵਿੰਦਰ ਸਿੰਘ ਨੇ ਕਿਹਾ ਕਿ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਸੀਸੀਟੀਵੀ ਕੈਮਰੇ ਦੀ ਕਲਿੱਪ ਆਦਿ ਹੋਰ ਵਸੀਲਿਆਂ ਰਾਹੀਂ ਲੁਟੇਰਿਆਂ ਦੀ ਭਾਲ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਜਲਦ ਹੀ ਲੁਟੇਰੇ ਕਾਬੂ ਕਰ ਲਏ ਜਾਣਗੇ।

Posted By: Sarabjeet Kaur