ਜਨਕ ਰਾਜ ਗਿੱਲ, ਕਰਤਾਰਪੁਰ : ਦੇਸ਼ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁੱਧਵਾਰ ਜੰਗ-ਏ-ਆਜ਼ਾਦੀ ਯਾਦਗਾਰ ਦੇ ਤੀਜੇ ਪੜਾਅ ਨੂੰ ਲੋਕ ਅਰਪਣ ਕਰਦਿਆਂ ਇਸ ਤੀਜੇ ਪੜਾਅ ਨੂੰ ਜਲਿਆਂਵਾਲਾ ਬਾਗ਼ ਸਾਕੇ ਤੇ ਅੰਡੇਮਾਨ ਦੀ ਜੇਲ੍ਹ 'ਚ ਸ਼ਹੀਦ ਹੋਏ ਆਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਕੀਤਾ।

ਉਨ੍ਹਾਂ ਕਿਹਾ ਕਿ ਇਹ ਸਮਾਰਕ ਸਾਡੀਆਂ ਨੌਜਵਾਨ ਪੀੜ੍ਹੀਆਂ ਨੂੰ ਦੇਸ਼ ਦੇ ਸੁਨਹਿਰੇ ਪਿਛੋਕੜ ਤੇ ਬਰਤਾਨਵੀ ਸਾਮਰਾਜਵਾਦ ਖਿਲਾਫ਼ ਲੜਨ ਵਾਲੇ ਹਜ਼ਾਰਾਂ ਬਹਾਦਰ ਦੇਸ਼ ਭਗਤਾਂ ਦੀ ਕੁਰਬਾਨੀ ਤੋਂ ਜਾਣੂੰ ਕਰਵਾਏਗਾ। ਇਸ ਮੌਕੇ 'ਤੇ ਉਨ੍ਹਾਂ ਨੇ ਰਿਮੋਟ ਕੰਟਰੋਲ ਰਾਹੀਂ ਜਲੰਧਰ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ/ਨੀਂਹ ਪੱਥਰ ਰੱਖਿਆ।

ਇਸ ਮੌਕੇ 'ਤੇ 20 ਕਰੋੜ ਦੇ ਜੰਗ-ਏ-ਆਜ਼ਾਦੀ ਸਮਾਰਕ ਦੇ ਤੀਜੇ ਪੜਾਅ ਨੂੰ ਲੋਕ ਅਰਪਣ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਭਾਰਤੀ ਆਜ਼ਾਦੀ ਅੰਦੋਲਨ ਦੇ ਮਹਾਨ ਇਤਿਹਾਸ ਤੋਂ ਜਾਣੂੰ ਕਰਵਾਉਣਾ ਸਮੇਂ ਦੀ ਲੋੜ ਹੈ। ਅੰਡੇਮਾਨ ਦੀ ਸੈਲੂਲਰ ਜੇਲ੍ਹ 'ਚ ਆਪਣੀ ਯਾਤਰਾ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਯਾਤਰਾ ਨੇ ਉਨ੍ਹਾਂ ਨੂੰ ਇਨ੍ਹਾਂ ਮਹਾਨ ਦੇਸ਼ ਭਗਤਾਂ ਦੀ ਯਾਦ 'ਚ ਸਮਾਰਕ ਉਸਾਰਨ ਲਈ ਪ੍ਰਰੇਰਿਆ। ਇਸ ਸਮਾਰਕ ਦਾ ਪਹਿਲਾ ਤੇ ਦੂਜਾ ਪੜਾਅ 290 ਕਰੋੜ ਦੀ ਲਾਗਤ ਨਾਲ ਪੂਰਾ ਹੋਇਆ ਹੈ।

ਇਸ ਮੌਕੇ 'ਤੇ ਪੰਜਾਬ ਸਰਕਾਰ ਵੱਲੋਂ ਪਰਵਾਸੀ ਭਾਰਤੀ ਨੌਜਵਾਨਾਂ ਲਈ ਸ਼ੁਰੂ ਕੀਤੀ ਗਈ 'ਆਪਣੀਆਂ ਜੜ੍ਹਾਂ ਨਾਲ ਜੁੜੋ' ਮੁਹਿੰਮ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ 'ਚ ਆਉਣ ਵਾਲੇ ਨੌਜਵਾਨਾਂ ਨੂੰ ਜੰਗ-ਏ-ਆਜ਼ਾਦੀ ਸਮਾਰਕ, ਵਿਰਾਸਤ-ਏ-ਖਾਲਸਾ, ਪਾਰਟੀਸ਼ੀਅਨ ਮਿਊਜ਼ੀਅਮ ਅੰਮਿ੍ਤਸਰ ਤੇ ਹੋਰ ਥਾਵਾਂ 'ਤੇ ਆ ਕੇ ਆਪਣੇ ਮਹਾਨ ਵਿਰਸੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਦਾਇਤ ਕੀਤੀ ਕਿ ਉਹ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਜੰਗ-ਏ-ਆਜ਼ਾਦੀ ਸਮਾਰਕ 'ਚ ਲਿਆਉਣ।

ਇਸ ਤੋਂ ਪਹਿਲਾਂ ਆਪਣੇ ਸੰਬੋਧਨ 'ਚ ਜੰਗ-ਏ-ਆਜ਼ਾਦੀ ਫਾਊਂਡੇਸ਼ਨ ਦੇ ਮੁਖੀ ਡਾ. ਬਰਜਿੰਦਰ ਸਿੰਘ ਹਮਦਰਦ ਨੇ ਇਸ ਸਮਾਰਕ ਨੂੰ ਤੀਰਥ ਅਸਥਾਨ ਵਜੋਂ ਵਿਕਸਤ ਕਰਨ ਦੀ ਵਕਾਲਤ ਕਰਦਿਆਂ ਇਸ ਵੱਕਾਰੀ ਸਮਾਰਕ ਨੂੰ ਬਣਾਉਣ ਦੀ ਯਾਤਰਾ ਬਾਰੇ ਦੱਸਿਆ।

ਇਸ ਮੌਕੇ 'ਤੇ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਵੱਲੋਂ ਇਸ ਸਮਾਰਕ ਨੂੰ ਮੁਕੰਮਲ ਕਰਨ 'ਚ ਪਾਏ ਗਏ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ।

ਇਸ ਮੌਕੇ 'ਤੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਮਾਰਕਫੈੱਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ, ਵਿਧਾਇਕ ਪਰਗਟ ਸਿੰਘ, ਸੁਸ਼ੀਲ ਕੁਮਾਰ ਰਿੰਕੂ, ਚੌਧਰੀ ਸੁਰਿੰਦਰ ਸਿੰਘ, ਰਜਿੰਦਰ ਬੇਰੀ, ਅਵਤਾਰ ਸਿੰਘ ਬਾਵਾ ਹੈਨਰੀ ਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਚੇਅਰਮੈਨ ਪਨਸਪ ਤੇਜਿੰਦਰ ਸਿੰਘ ਬਿੱਟੂ, ਮੇਅਰ ਜਗਦੀਸ਼ ਰਾਜ ਰਾਜਾ, ਚੇਅਰਮੈਨ ਇੰਪਰੂਵਮੈਂਟ ਟਰੱਸਟ ਦਲਜੀਤ ਸਿੰਘ ਆਹਲੂਵਾਲੀਆ, ਜਨਰਲ ਸਕੱਤਰ ਪੰਜਾਬ ਕਾਂਗਰਸ ਚੌਧਰੀ ਵਿਕਰਮਜੀਤ ਸਿੰਘ, ਪ੍ਰਮੁੱਖ ਸਕੱਤਰ ਸੱਭਿਆਚਾਰਕ ਮਾਮਲੇ ਹੁਸਨ ਲਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤੀ ਪਾਲ ਸਿੰਘ, ਡਾਇਰੈਕਟਰ ਸੱਭਿਆਚਾਰਕ ਮਾਮਲੇ ਐੱਮਐੱਸ ਜੱਗੀ, ਮੰਡਲ ਕਮਿਸ਼ਨਰ ਬੀ. ਪੁਰੂਸਾਰਥਾ, ਆਈਜੀ ਨੌਨਿਹਾਲ ਸਿੰਘ, ਡੀਸੀ ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਨਵਾਂਸ਼ਹਿਰ ਦੇ ਡੀਸੀ ਵਿਨੈ ਬੁਬਲਾਨੀ, ਐੱਸਐੱਸਪੀ.ਨਵਜੋਤ ਸਿੰਘ ਮਾਹਲ, ਨਗਰ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ, ਸਤਨਾਮ ਸਿੰਘ ਮਾਣਕ, ਲਖਵਿੰਦਰ ਸਿੰਘ ਜੌਹਲ, ਸੀਈਓ ਸਮਾਰਟ ਸਿਟੀ ਜਤਿੰਦਰ ਜੋਰਵਾਲ, ਐੱਸਡੀਐੱਮ ਪਰਮਵੀਰ ਸਿੰਘ ਤੇ ਹੋਰ ਵੀ ਹਾਜ਼ਰ ਸਨ।