ਲਾਲਕਮਲ, ਅੱਪਰਾ : ਕਸਬਾ ਅੱਪਰਾ ਦੇ ਨਜ਼ਦੀਕੀ ਪਿੰਡ ਛੋਕਰਾਂ ਦੇ ਚਾਰ ਤੇ ਪੰਜਾਬ ਦੇ ਦੋਆਬਾ ਖੇਤਰ ਨਾਲ ਸਬੰਧਤ ਹੋਰ ਨੌਜਵਾਨ ਰੋਜ਼ੀ-ਰੋਟੀ ਦੀ ਭਾਲ ਵਿਚ ਇਰਾਕ ਗਏ ਸਨ ਪਰ ਗਲਤ ਏਜੰਟ ਦੇ ਧੱਕੇ ਚੜ੍ਹ ਜਾਣ ਕਰ ਕੇ ਉਹ ਘਰ ਵਾਪਸ ਆਉਣ ਲਈ ਤਰਸ ਰਹੇ ਸਨ। ਰਣਦੀਪ ਕੁਮਾਰ ਪੁੱਤਰ ਰਾਮ ਲੁਭਾਇਆ, ਬਲਜੀਤ ਕੁਮਾਰ ਪੁੱਤਰ ਅਮਰਜੀਤ, ਸੌਰਵ ਕੁਮਾਰ ਪੁੱਤਰ ਗੁਦਾਵਰ ਰਾਮ, ਸੰਦੀਪ ਕੁਮਾਰ ਪੁੱਤਰ ਜੋਗਿੰਦਰ ਰਾਮ, ਅਮਨਦੀਪ ਪੁੱਤਰ ਸਤਮਾਨ ਵਾਸੀ ਪਿੰਡ ਅੱਟਾ, ਪ੍ਰਭਜੋਤ ਪੁੱਤਰ ਸਰਬਜੀਤ ਵਾਸੀ ਕਪੂਰਥਲਾ ਤੇ ਕੋਮਲਜੋਤ ਪੁੱਤਰ ਮੋਹਣ ਲਾਲ ਵਾਸੀ ਫਗਵਾੜਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਇਰਬਿਲ ਵਿਚ ਫਸੇ ਹੋਏ ਸਨ ਜਿਨ੍ਹਾਂ ਨੂੰ ਛੋਕਰਾਂ ਪਿੰਡ ਦੀ ਹੀ ਵਸਨੀਕ ਇਕ ਅੌਰਤ ਏਜੰਟ ਇਰਾਕ ਲੈ ਕੇ ਗਈ ਸੀ ਅਤੇ ਪ੍ਰਤੀ ਵਿਆਕਤੀ ਉਸ ਨੇ ਉਨ੍ਹਾਂ ਤੋਂ ਦੋ ਲੱਖ, ਵੀਹ ਹਜ਼ਾਰ ਰੁਪਏ ਵਿਚ ਗੱਲ ਕੀਤੀ ਸੀ। ਜਦ ਉਹ ਇਰਾਕ ਲਈ ਫਲਾਈਟ ਲੈਣ ਜਾ ਰਹੇ ਸਨ ਤਾਂ ਏਜੰਟ ਨੇ ਦਿੱਲੀ ਏਅਰਪੋਰਟ 'ਤੇ ਉਨ੍ਹਾਂ ਤੋਂ ਹੋਰ ਪੈਸਿਆ ਦੀ ਮੰਗ ਕੀਤੀ ਤੇ ਵੀਜੇ ਪੈਸਿਆ ਤੋਂ ਬਿਨਾਂ ਦੇਣ ਤੋਂ ਮਨਾ ਕਰ ਦਿੱਤਾ ਜਿਸ ਕਰ ਕੇ ਉਨ੍ਹਾਂ ਨੂੰ ਕੁਝ ਹੋਰ ਰੁਪਏ ਹੋਰ ਦੇਣੇ ਪਏ। ਜਦੋਂ ਨੌਜਵਾਨ ਇਰਾਕ ਪੁੱਜੇ ਤਾਂ ਏਜੰਟ ਨੇ ਉਨ੍ਹਾਂ ਨੂੰ ਅੱਗੇ ਹੋਰ ਏਜੰਟ ਕੋਲ ਕੰਮ ਕਰਨ ਲਈ ਭੇਜ ਦਿੱਤਾ। ਉਸ ਏਜੰਟ ਨੇ ਉਨ੍ਹਾਂ ਕੋਲੋਂ ਵਰਕ ਪਰਮਿਟ ਲਈ ਹੋਰ ਪੈਸਿਆਂ ਦੀ ਮੰਗ ਕੀਤੀ। ਉਨ੍ਹਾਂ ਨੇ ਵਰਕ ਪਰਮਿਟ ਲਈ ਹੋਰ ਪੈਸੇ ਵੀ ਦੇ ਦਿੱਤੇ ਪਰ ਉਨ੍ਹਾਂ ਨੂੰ ਕੰਮ 'ਤੇ ਨਹੀਂ ਭੇਜਿਆ ਗਿਆ। ਉਨ੍ਹਾਂ ਨੇ ਇੱਕਠੇ ਹੋ ਕੇ ਉਕਤ ਅੌਰਤ ਏਜੰਟ ਵਿਰੁੱਧ ਭਾਰਤੀ ਦੂਤਾਵਾਸ ਵਿਚ ਲਿਖਤੀ ਸ਼ਿਕਾਇਤ ਵੀ ਦਿੱਤੀ ਤੇ ਕਰੀਬ ਸੱਤ ਮਹੀਨੇ ਤੋਂ ਉਹ ਇਰਾਕ ਵਿਚ ਵੀ ਫਸੇ ਹੋਏ ਸਨ। ਕਸਬਾ ਅੱਪਰਾ ਦੇ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਸਾਬਕਾ ਮੈਂਬਰ ਪੰਚਾਇਤ ਵਿਸ਼ਾਲ ਗੋਇਲ ਨੇ ਇਰਾਕ ਵਿਚ ਫਸੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀ ਬਾਂਹ ਫੜੀ ਤੇ ਉਨ੍ਹਾਂ ਨੂੰ ਐੱਮਐੱਲਏ ਬਲਦੇਵ ਖਹਿਰਾ ਰਾਹੀਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮਿਲਾਇਆ। ਮਜੀਠੀਆ ਨੇ ਪਰਿਵਾਰਕ ਮੈਂਬਰਾਂ ਦੀ ਮੀਟਿੰਗ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਕਰਵਾਈ। ਹਰਸਿਮਰਤ ਕੌਰ ਬਾਦਲ ਨੇ ਇਸ ਬਾਰੇ ਵਿਦੇਸ਼ ਮੰਤਰੀ ਜੈ ਸ਼ੰਕਰ ਨਾਲ ਗੱਲ ਕੀਤੀ ਤੇ ਉਨ੍ਹਾਂ ਦੇ ਯਤਨਾਂ ਸਦਕਾ ਇਹ ਨੌਜਵਾਨ 26 ਤਰੀਕ ਨੂੰ ਵਤਨ ਵਾਪਸੀ ਕਰ ਰਹੇ ਹਨ। ੳੱੁਕਤ ਨੌਜਵਾਨਾਂ ਨੂੰ ਵਤਨ ਵਾਪਸੀ ਦੀ ਸੂਚਨਾ ਹਲਕਾ ਫਿਲੌਰ ਦੇ ਐੱਮਐੱਲਏ ਬਲਦੇਵ ਸਿੰਘ ਖਹਿਰਾ ਨੇਫੋਨ ਰਾਹੀਂ ਦਿੱਤੀ ਤੇ ਕਿਹਾ ਕਿ ਸ਼ਾਮ ਤਕ ਉਨ੍ਹਾਂ ਨੂੰ ਜਹਾਜ਼ ਦੀਆਂ ਟਿਕਟਾਂ ਮਿਲ ਜਾਣਗੀਆਂ। ਉਕਤ ਨੌਜਵਾਨਾਂ ਦਾ ਸਾਰਾ ਆਉਣ ਦਾ ਖ਼ਰਚ ਸ਼ੋ੍ਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ ਹੈ। ਸਾਰੇ ਨੌਜਵਾਨਾਂ ਨੇ ਅੱਪਰਾ ਇਲਾਕੇ ਦੇ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਵਿਸ਼ਾਲ ਗੋਇਲ ਤੇ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ।