ਹੈਪੀ ਸ਼ਰਮਾ, ਬਟਾਲਾ

ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਪ੍ਧਾਨ ਸੁਨੀਲ ਜਾਖੜ ਦੇ ਯਤਨਾ ਸਦਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਬਟਾਲਾ ਲਈ ਅੰਮਿ੍ਤ ਯੋਜਨਾ ਨੂੰ ਪ੍ਵਾਨ ਕਰਦਿਆਂ ਇਸ ਨੂੰ ਤੁਰੰਤ ਲਾਗੂ ਕਰ ਦਿੱਤਾ ਹੈ। ਅੰਮਿ੍ਤ ਯੋਜਨਾ ਤਹਿਤ 162 ਕਰੋੜ ਰੁਪਏ ਖਰਚ ਕਰਕੇ ਸਮੁੱਚੇ ਬਟਾਲਾ ਸ਼ਹਿਰ ਵਿੱਚ ਸੀਵਰੇਜ ਸਿਸਟਮ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ। ਅੰਮਿ੍ਤ ਯੋਜਨਾ ਤਹਿਤ ਸੂਬਾ ਸਰਕਾਰ ਵੱਲੋਂ ਅਗਲੇ 10 ਦਿਨਾਂ ਵਿੱਚ ਬਟਾਲਾ ਦੇ ਸੀਵਰੇਜ ਸਿਸਟਮ ਸਬੰਧੀ ਟੈਂਡਰ ਲਗਾਏ ਜਾ ਰਹੇ ਹਨ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਦੀਆਂ ਹਦਾਇਤਾਂ ਤਹਿਤ ਸੀਵਰੇਜ ਬੋਰਡ ਦੇ ਸੀਈਓ ਅਜੋਏ ਸ਼ਰਮਾ ਨੇ ਅੱਜ ਉਚੇਚੇ ਤੌਰ 'ਤੇ ਬਟਾਲਾ ਸ਼ਹਿਰ ਪਹੁੰਚ ਕੇ ਸੀਵਰੇਜ ਦੀ ਮੰਦਹਾਲੀ ਦਾ ਜਾਇਜਾ ਲਿਆ ਅਤੇ ਇਸ ਦੇ ਹੱਲ ਲਈ ਨਾਲ ਆਏ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਅਜੋਏ ਸ਼ਰਮਾ ਨੇ ਸਭ ਤੋਂ ਪਹਿਲਾਂ ਅੱਜ ਸਵੇਰੇ ਵੀਐੱਮਐੱਸ ਕਾਲਜ ਬਟਾਲਾ ਵਿਖੇ ਪਹੁੰਚੇ, ਜਿਥੇ ਉਨ੍ਹਾਂ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਅਤੇ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਕੇਪੀ ਗੋਇਲ, ਮੁਖਤਿਆਰ ਸਿੰਘ, ਜਸਵਿੰਦਰ ਸਿੰਘ, ਐਕਸੀਨ ਰੰਗਾ, ਹਰਪ੍ਰੀਤ ਸਿੰਘ ਐੱਸਡੀਓ ਬਟਾਲਾ ਨਾਲ ਮੀਟਿੰਗ ਕੀਤੀ ਅਤੇ ਬਟਾਲਾ ਸ਼ਹਿਰ ਵਿੱਚ ਸੀਵਰੇਜ ਸਿਸਟਮ ਦੇ ਹਾਲਤ ਦਾ ਜਾਇਜਾ ਲਿਆ। ਇਸ ਮੌਕੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੇ ਦੱਸਿਆ ਕਿ ਬਟਾਲਾ ਵਾਸੀ ਲੰਮੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਅਤੇ ਫੌਰੀ ਤੌਰ 'ਤੇ ਇਸ ਸਮੱਸਿਆ ਦਾ ਹੱਲ ਕੀਤੇ ਜਾਣ ਦੀ ਲੋੜ ਹੈ। ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਨੇ ਮੀਟਿੰਗ ਤੋਂ ਬਾਅਦ ਧਰਮਪੁਰਾ ਕਲੋਨੀ, ਉਮਰਪੁਰਾ, ਮਲਾਵੇ ਦੀ ਕੋਠੀ ਅਤੇ ਹੋਰ ਇਲਾਕਿਆਂ ਦਾ ਦੌਰਾ ਕੀਤਾ ਅਤੇ ਸੀਵਰੇਜ ਦੀ ਮਾੜੀ ਹਾਲਤ ਦਾ ਜਾਇਜਾ ਲਿਆ। ਇਸ ਮੌਕੇ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਸ਼ਹਿਰ ਦਾ ਜਾਇਜਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੀਵਰੇਜ ਬੋਰਡ ਦੇ ਸੀਈਓ ਅਜੋਏ ਸ਼ਰਮਾ ਨੇ ਦੱਸਿਆ ਕਿ ਬਟਾਲਾ ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਮੁੱਖ ਮੰਤਰੀ ਪੰਜਾਬ ਨੇ ਵਿਸ਼ੇਸ਼ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਬਟਾਲਾ ਲਈ ਅੰਮਿ੍ਤ ਯੋਜਨਾ ਨੂੰ ਲਾਗੂ ਕਰ ਦਿੱਤਾ ਹੈ ਜਿਸ ਤਹਿਤ 162 ਕਰੋੜ ਰੁਪਏ ਸ਼ਹਿਰ ਦੇ ਸੀਵਰੇਜ, ਵਾਟਰ ਸਪਲਾਈ, ਸੜਕਾਂ ਆਦਿ ਬੁਨਿਆਦੀ ਸਹੂਲਤਾਂ ਦੇਣ ਲਈ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ 10 ਦਿਨਾਂ ਦੇ ਅੰਦਰ ਬਟਾਲਾ ਸ਼ਹਿਰ ਦੇ ਸੀਵਰੇਜ ਲਈ ਟੈਂਡਰ ਲੱਗ ਜਾਣਗੇ। ਉਨ੍ਹਾਂ ਕਿਹਾ ਕਿ ਜਿਸ ਕੰਪਨੀ ਨੂੰ ਨਵੇਂ ਸੀਵਰੇਜ ਦਾ ਠੇਕਾ ਦਿੱਤਾ ਜਾਵੇਗਾ ਉਸਨੂੰ ਨਾਲ ਹੀ ਸਾਰੇ ਸ਼ਹਿਰ ਦੇ ਨਵੇਂ ਅਤੇ ਪੁਰਾਣੇ ਸੀਵਰੇਜ ਸਿਸਟਮ ਨੂੰ ਚਲਾਉਣ ਦੀ ਜਿੰਮੇਵਾਰੀ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਲਈ 2 ਪਲਾਨ ਸ਼ਾਰਟ ਟਰਮ ਪਲਾਨ ਅਤੇ ਲਾਂਗ ਟਰਮ ਪਲਾਨ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਾਰਟ ਟਰਮ ਪਲਾਨ ਵਿੱਚ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਜਾਵੇਗਾ ਜੋ ਕਿ ਫੌਰੀ ਤੌਰ 'ਤੇ ਸੀਵਰੇਜ ਦੀ ਨਿਕਾਸੀ ਅਤੇ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਕਰੇਗੀ। ਇਸਦੇ ਨਾਲ ਹੀ ਇੱਕ ਮੋਨੀਟਰਿੰਗ ਕਮੇਟੀ ਜਿਸ ਵਿੱਚ ਸੀਵਰੇਜ ਬੋਰਡ ਦੇ ਅਧਿਕਾਰੀ ਅਤੇ ਸ਼ਹਿਰ ਵਾਸੀ ਸ਼ਾਮਲ ਹੋਣਗੇ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਲਾਂਗ ਟਰਮ ਪਲਾਨ ਵਿੱਚ ਜਿਨ੍ਹਾਂ ਇਲਾਕਿਆਂ ਵਿੱਚ ਸੀਵਰੇਜ ਨਹੀਂ ਹੈ ਉਥੇ ਨਵੀਆਂ ਸੀਵਰੇਜ ਲਾਈਨਾਂ ਵਿਛਾਈਆਂ ਜਾਣਗੀਆਂ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਲਈ ਇੱਕ ਸੁਪਰ ਸ਼ੱਕਰ ਮਸ਼ੀਨ ਖਰੀਦੀ ਜਾਵੇਗੀ ਜੋ ਨਾਲ ਦੀ ਨਾਲ ਸੀਵਰੇਜ ਦੀ ਸਫ਼ਾਈ ਕਰਦੀ ਰਹੇਗੀ। ਅਜੋਏ ਸ਼ਰਮਾਂ ਨੇ ਕਿਹਾ ਕਿ ਬਟਾਲਾ ਵਿੱਚ ਸੀਵਰੇਜ ਸਮੱਸਿਆ ਦੇ ਹੱਲ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਰਕਾਰ ਨੇ ਇਸ ਕੰਮ ਨੂੰ ਪਹਿਲ ਦੇ ਅਧਾਰ 'ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਬੋਰਡ ਵੱਲੋਂ ਡਿਸਪੋਜਲ ਚਲਾ ਦਿੱਤੀ ਗਈ ਹੈ ਅਤੇ ਬਹੁਤ ਛੇਤੀ ਸੀਵਰੇਜ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਕੁਝ ਕੁ ਦਿਨਾਂ ਵਿੱਚ ਸਾਰੇ ਸ਼ਹਿਰ ਦਾ ਸੀਵਰੇਜ ਚੱਲ ਪਵੇਗਾ ਅਤੇ ਨਾਲ ਹੀ ਬੋਰਡ ਵਲੋਂ ਟੈਂਡਰ ਖੁੱਲਣ ਤੋਂ ਬਾਅਦ ਅਗਲੇ ਕੰਮ ਸ਼ੁਰੂ ਕਰ ਦਿੱਤੇ ਜਾਣਗੇ। ਇਸ ਮੌਕੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਦਾ ਬਟਾਲਾ ਲਈ ਅੰਮਿ੍ਤ ਯੋਜਨਾ ਸ਼ੁਰੂ ਕਰਨ ਲਈ ਧੰਨਵਾਦ ਕੀਤਾ।