ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੇ ਇਕ ਸੁਪਰਡੈਂਟ ਨੇ ਰਾਜਸਥਾਨ ਫੀਡਰ ਨਹਿਰ 'ਚ ਛਾਲ ਮਾਰ ਦਿੱਤੀ। ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਨੂੰ ਕੈਂਪਸ ਦੇ ਹੀ ਇਕ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।

ਪਤਾ ਲੱਗਾ ਹੈ ਕਿ 46 ਸਾਲਾ ਗੁਰਮੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਜਿੰਗਲਵਾਲ ਜ਼ਿਲ੍ਹਾ ਹੁਸ਼ਿਆਰਪੁਰ ਪਿਛਲੇ ਦੋ ਦਹਾਕੇ ਤੋਂ ਕੈਂਪਸ ਵਿਚ ਕੰਮ ਕਰ ਰਿਹਾ ਸੀ ਤੇ ਉਸਦੀ ਪਤਨੀ ਨਮਿਤਾ ਸ਼ਿਮਾਰ ਪਿੰਡ ਉਗੋਕੇ ਸਰਕਾਰੀ ਹਾਈ ਸਕੂਲ ਵਿਖੇ ਇੰਚਾਰਜ ਅਹੁਦੇ 'ਤੇ ਤਾਇਨਾਤ ਹਨ।

ਪਤਨੀ ਮੁਤਾਬਕ ਗੁਰਮੀਤ ਸਿੰਘ ਯੋਗ ਪ੍ਰੇਮੀ ਸੀ ਤੇ ਸੋਮਵਾਰ ਸਵੇਰੇ ਉਸ ਨੇ ਯੋਗਾ ਕੀਤਾ ਸੀ। ਲੋਕਾਂ ਦਾ ਕਹਿਣਾ ਹੈ ਕਿ ਨਰਾਤਿਆਂ ਦੀ ਖੇਤਰੀ ਨੂੰ ਪ੍ਰਵਾਹ ਕਰਨ ਲਈ ਗੁਰਮੀਤ ਸਿੰਘ ਨਹਿਰ 'ਤੇ ਗਿਆ ਸੀ ਪਰ ਪੈਰ ਤਿਲਕਣ ਕਾਰਨ ਉਹ ਪਾਣੀ ਦੇ ਤੇਜ਼ ਬਹਾਅ 'ਚ ਰੁੜ੍ਹ ਗਿਆ।

ਇਸ ਬਾਰੇ ਪਤਾ ਲੱਗਣ 'ਤੇ ਗੁਰਮੀਤ ਸਿੰਘ ਦੇ ਪਰਿਵਾਰਕ ਮੈਂਬਰ ਤੇ ਕੈਂਪਸ ਮੁਲਾਜ਼ਮ ਮੌਕੇ 'ਤੇ ਪੁੱਜੇ। ਮੌਕੇ ਤੋਂ ਉਸ ਦਾ ਮੋਬਾਈਲ ਫੋਨ ਬਰਾਮਦ ਹੋਇਆ। ਥਾਣਾ ਕੁਲਗੜ੍ਹੀ ਮੁਖੀ ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਜਿਸ ਸਕੂਟਰ 'ਤੇ ਗੁਰਮੀਤ ਗਿਆ ਸੀ, ਉਸ ਨੂੰ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਹੈ ਤੇ ਗੋਤਾਖੋਰਾਂ ਵੱਲੋਂ ਗੁਰਮੀਤ ਦੀ ਭਾਲ ਕੀਤੀ ਜਾ ਰਹੀ ਹੈ।

ਗੁਰਮੀਤ ਸਿੰਘ ਦੇ ਦੋ ਬੱਚੇ ਹਨ। ਲੜਕੇ ਅਕਾਸ਼ਦੀਪ ਸਿੰਘ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ, ਜਦਕਿ ਲੜਕੀ ਸਹਿਜਪ੍ਰੀਤ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਹੈ। ਕੈਂਪਸ 'ਚ ਲਗਾਤਾਰ ਦੋ ਦਿਨ ਹੋਈਆਂ ਘਟਨਾਵਾਂ ਨੇ ਕੈਂਪਸ ਪ੍ਰਬੰਧਾਂ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ।